ਮੋਹਾਲੀ ‘ਚ ਖਰੜ-ਕੁਰਾਲੀ ਰੋਡ ‘ਤੇ ਸਥਿਤ ਫਿਊਚਰ ਹਾਈਟਸ ਸੋਸਾਇਟੀ ‘ਚ ਸੋਮਵਾਰ ਰਾਤ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਇਕ ਕਾਰ ਸੁਸਾਇਟੀ ਦੀ ਬਾਊਂਡਰੀ ਨਾਲ ਟਕਰਾ ਗਈ। ਕਾਰ ਦੀ ਟੱਕਰ ਕਾਰਨ ਸੁਸਾਇਟੀ ਦੀ ਗਰਿੱਲ ਟੁੱਟ ਗਈ ਅਤੇ ਇੱਕ ਖਜੂਰ ਦਾ ਦਰੱਖਤ ਵੀ ਉਖੜ ਗਿਆ, ਜਿਸ ਤੋਂ ਬਾਅਦ ਲੜਾਈ ਇੰਨੀ ਵੱਧ ਗਈ ਕਿ ਫਿਲਮੀ ਅੰਦਾਜ਼ ‘ਚ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ‘ਤੇ ਪੁਲਿਸ ਨੇ ਖੁਦ ਹੀ ਇਸ ਦਾ ਨੋਟਿਸ ਲੈਂਦਿਆਂ ਮਾਮਲਾ ਦਰਜ ਕਰ ਲਿਆ ਹੈ। ਐਫਆਈਆਰ ਦਰਜ ਕਰਨ ਤੋਂ ਬਾਅਦ ਪੁਲਿਸ ਨੇ 25 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਆਪਣੇ ਦੋਸਤਾਂ ਨੂੰ ਮੌਕੇ ‘ਤੇ ਬੁਲਾਇਆ, ਜਿਸ ਤੋਂ ਬਾਅਦ ਦੋਵੇਂ ਗੁੱਟਾਂ ਦੇ ਨੌਜਵਾਨ ਉਥੇ ਇਕੱਠੇ ਹੋ ਗਏ। ਇਸ ਦੌਰਾਨ ਕਿਸੇ ਨੇ ਪੁਲਿਸ ਹੈਲਪਲਾਈਨ 112 ‘ਤੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ।

ਬਿਨਾਂ ਹਥਿਆਰਾਂ ਅਤੇ ਸਿਰਫ਼ ਡੰਡੇ ਲੈ ਕੇ ਪਹੁੰਚੇ ਦੋਵੇਂ ਪੁਲਿਸ ਮੁਲਾਜ਼ਮ ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੂੰ ਦੇਖ ਕੇ ਘਬਰਾ ਗਏ ਅਤੇ ਉਨ੍ਹਾਂ ਤੁਰੰਤ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਬਾਅਦ ‘ਚ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਭੀੜ ਨੂੰ ਖਿੰਡਾਇਆ।
ਸੁਸਾਇਟੀ ‘ਚ ਰਹਿਣ ਵਾਲੇ ਇਕ ਚਸ਼ਮਦੀਦ ਨੇ ਦੱਸਿਆ ਕਿ ਰਾਤ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਪਹਿਲਾਂ ਤਾਂ ਅਜਿਹਾ ਲੱਗਾ ਕਿ ਕੋਈ ਪਟਾਕੇ ਚਲਾ ਰਿਹਾ ਹੈ। ਜਦੋਂ ਉਹ ਬਾਹਰ ਆਇਆ ਤਾਂ ਉਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਮਿਲੀ। ਪੁਲਿਸ ਨੇ ਮੌਕੇ ਤੋਂ ਇੱਕ ਜਿੰਦਾ ਕਾਰਤੂਸ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਹਨ। ਫਿਲਹਾਲ ਅਣਪਛਾਤੇ ਲੋਕਾਂ ਖਿਲਾਫ ਹਵਾਈ ਫਾਇਰਿੰਗ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ‘ਤੇ ਪੁਲਿਸ ਦਾ ਐਕਸ਼ਨ, 1274 ਇਮੀਗ੍ਰੇਸ਼ਨ ਫਰਮਾਂ ‘ਤੇ ਛਾਪੇਮਾਰੀ, 24 FIR, 7 ਕਾਬੂ
ਸੁਸਾਇਟੀ ਦੀ ਗਰਿੱਲ ਅਤੇ ਦਰੱਖਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਾਰ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਵੀਡੀਓ ਦੇ ਆਧਾਰ ‘ਤੇ 25 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਕੁਝ ਵਿਦਿਆਰਥੀ ਹਨ, ਕੁਝ ਜਿਮ ਟ੍ਰੇਨਰ ਹਨ ਅਤੇ ਕੁਝ ਪਾਰਟ-ਟਾਈਮ ਨੌਕਰੀ ਕਰ ਰਹੇ ਹਨ। ਨੌਜਵਾਨਾਂ ਕੋਲੋਂ ਨਾਜਾਇਜ਼ ਹਥਿਆਰ ਵੀ ਬਰਾਮਦ ਹੋਏ ਹਨ। ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਹੀ ਹੋਰ ਜਾਣਕਾਰੀ ਮਿਲ ਸਕੇਗੀ।
ਵੀਡੀਓ ਲਈ ਕਲਿੱਕ ਕਰੋ -:
























