ਚੇਨਈ ਸੁਪਰ ਕਿੰਗਜ਼ (CSK) ਦੇ ਤਜਰਬੇਕਾਰ ਵਿਕਟਕੀਪਰ-ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਗੁਜਰਾਤ ਟਾਈਟਨਜ਼ ਖ਼ਿਲਾਫ਼ ਮੈਚ ਤੋਂ ਬਾਅਦ ਇਸ ਟੂਰਨਾਮੈਂਟ ਤੋਂ ਸੰਨਿਆਸ ਲੈਣ ਨੂੰ ਲੈ ਕੇ ਬਿਆਨ ਸਾਹਮਣੇ ਆਈ ਹੈ। ਧੋਨੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਥੋੜ੍ਹਾ ਸਮਾਂ ਲਏਗਾ ਅਤੇ ਕੁਝ ਮਹੀਨਿਆਂ ਬਾਅਦ ਫੈਸਲਾ ਕਰੇਗਾ ਕਿ ਉਹ ਆਈਪੀਐਲ ਦੇ ਅਗਲੇ ਸੀਜ਼ਨ ਲਈ ਉਪਲਬਧ ਹੋਵੇਗਾ ਜਾਂ ਨਹੀਂ। ਸੀਐਸਕੇ ਨੇ ਗੁਜਰਾਤ ਨੂੰ ਹਰਾ ਕੇ ਆਈਪੀਐਲ 2025 ਸੀਜ਼ਨ ਦਾ ਅੰਤ ਜਿੱਤ ਨਾਲ ਕੀਤਾ ਹੈ।
ਧੋਨੀ ਦੇ ਆਈਪੀਐਲ ਤੋਂ ਸੰਨਿਆਸ ਲੈਣ ਬਾਰੇ ਕਈ ਚਰਚਾਵਾਂ ਹੋ ਚੁੱਕੀਆਂ ਹਨ, ਪਰ ਮਾਹੀ ਨੇ ਕਿਹਾ ਕਿ ਇਸ ਸਬੰਧ ਵਿੱਚ ਫੈਸਲਾ ਲੈਣ ਲਈ ਉਸ ਕੋਲ ਅਜੇ ਵੀ ਬਹੁਤ ਸਮਾਂ ਹੈ। ਧੋਨੀ ਸੀਐਸਕੇ ਦੇ ਰੈਗੂਲਰ ਕਪਤਾਨ ਰਿਤੁਰਾਜ ਗਾਇਕਵਾੜ ਦੀ ਅਗਵਾਈ ਵਿੱਚ ਚੇਨਈ ਦੀ ਅਗਵਾਈ ਕਰ ਰਿਹਾ ਸੀ। ਧੋਨੀ ਦੀ ਅਗਵਾਈ ਹੇਠ, ਸੀਐਸਕੇ ਦਾ ਇਸ ਸੀਜ਼ਨ ਵਿੱਚ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਅਤੇ ਟੀਮ 14 ਵਿੱਚੋਂ ਸਿਰਫ਼ ਚਾਰ ਮੈਚ ਜਿੱਤ ਸਕੀ।

ਇਹ ਸੀਐਸਕੇ ਦਾ ਇਸ ਸੀਜ਼ਨ ਦਾ ਆਖਰੀ ਮੈਚ ਸੀ ਅਤੇ ਸਾਰਿਆਂ ਦੀਆਂ ਨਜ਼ਰਾਂ ਧੋਨੀ ‘ਤੇ ਸਨ ਕਿ ਉਹ ਆਪਣੇ ਭਵਿੱਖ ਬਾਰੇ ਕੀ ਐਲਾਨ ਕਰਦਾ ਹੈ। ਮੈਚ ਤੋਂ ਬਾਅਦ ਕੁਮੈਂਟੇਟਰ ਹਰਸ਼ਾ ਭੋਗਲੇ ਨੇ ਧੋਨੀ ਤੋਂ ਇਸ ਬਾਰੇ ਪੁੱਛਿਆ, ਜਿਸ ‘ਤੇ ਮਾਹੀ ਨੇ ਕਿਹਾ ਕਿ ਇਸ ਬਾਰੇ ਫੈਸਲਾ ਲੈਣ ਦੀ ਕੋਈ ਕਾਹਲੀ ਨਹੀਂ ਹੈ। ਧੋਨੀ ਨੇ ਕਿਹਾ ਕਿ ਹਰ ਸਾਲ ਉਸ ਨੂੰ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ 50 ਫੀਸਦੀ ਵੱਧ ਕੋਸ਼ਿਸ਼ ਕਰਨੀ ਪੈਂਦੀ ਹੈ ਤਾਂ ਜੋ ਉਹ ਆਈਪੀਐਲ ਵਿੱਚ ਖੇਡ ਸਕੇ।
ਧੋਨੀ ਨੇ ਕਿਹਾ ਕਿ ਹੁਣ ਉਹ ਆਪਣੇ ਘਰ ਵਾਪਸ ਜਾਵੇਗਾ ਅਤੇ ਬਾਈਕ ਚਲਾਉਣ ਦਾ ਆਨੰਦ ਮਾਣੇਗਾ ਅਤੇ ਉਸ ਤੋਂ ਬਾਅਦ ਉਹ ਆਈਪੀਐਲ ਸੰਬੰਧੀ ਕੋਈ ਵੀ ਫੈਸਲਾ ਲਵੇਗਾ। ਹਾਲਾਂਕਿ, ਧੋਨੀ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿ ਉਹ ਹੁਣ ਆਈਪੀਐਲ ਵਿੱਚ ਨਹੀਂ ਖੇਡੇਗਾ ਜਾਂ ਅਗਲੇ ਸੀਜ਼ਨ ਵਿੱਚ ਵਾਪਸੀ ਕਰੇਗਾ।
ਧੋਨੀ ਨੇ ਕਿਹਾ, ਇਹ ਨਿਰਭਰ ਕਰਦਾ ਹੈ। ਮੈਂ ਵੀ ਇਹੀ ਕਹਾਂਗਾ। ਮੇਰੇ ਕੋਲ ਫੈਸਲਾ ਲੈਣ ਲਈ ਚਾਰ-ਪੰਜ ਮਹੀਨੇ ਹਨ। ਕੀ ਕਰਨਾ ਹੈ ਇਹ ਫੈਸਲਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰ ਸਾਲ 50 ਫੀਸਦੀ ਹੋਰ ਮਿਹਨਤ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : CRPF ਦੇ ਜਵਾਨ ਨੇ ਪਾਕਿਸਤਾਨ ਨੂੰ ਭੇਜੀ ਦੇਸ਼ ਦੀ ਖੁਫੀਆ ਜਾਣਕਾਰੀ! NIA ਨੇ ਕੀਤਾ ਗ੍ਰਿਫ਼ਤਾਰ
ਉਸ ਨੇ ਕਿਹਾ ਕਿ ਜੇਕਰ ਕ੍ਰਿਕਟਰ ਪ੍ਰਦਰਸ਼ਨ ਦੇ ਆਧਾਰ ‘ਤੇ ਸੰਨਿਆਸ ਲੈਣਾ ਸ਼ੁਰੂ ਕਰ ਦਿੰਦੇ ਹਨ, ਤਾਂ ਉਨ੍ਹਾਂ ਵਿੱਚੋਂ ਬਹੁਤ ਘੱਟ 22 ਸਾਲ ਦੀ ਉਮਰ ਵਿੱਚ ਸੰਨਿਆਸ ਲੈਣਗੇ। ਇਹ ਦੇਖਣਾ ਮਹੱਤਵਪੂਰਨ ਹੈ ਕਿ ਤੁਹਾਡੇ ਵਿੱਚ ਕਿੰਨੀ ਭੁੱਖ ਅਤੇ ਫਿਟਨੈੱਸ ਹੈ ਅਤੇ ਤੁਸੀਂ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦੇ ਹੋ, ਕੀ ਟੀਮ ਨੂੰ ਤੁਹਾਡੀ ਲੋੜ ਹੈ। ਮੇਰੇ ਕੋਲ ਬਥੇਰਾ ਸਮਾਂ ਹੈ। ਮੈਂ ਰਾਂਚੀ ਵਾਪਸ ਜਾਵਾਂਗਾ, ਮੈਂ ਕਾਫ਼ੀ ਸਮੇਂ ਤੋਂ ਘਰ ਨਹੀਂ ਗਿਆ। ਮੈਂ ਕੁਝ ਬਾਈਕ ਰਾਈਡ ਦਾ ਮਜ਼ਾ ਲਵਾਂਗਾ ਤੇ ਫਿਰ ਕੁਝ ਮਹੀਨਿਆਂ ਬਾਅਦ ਫੈਸਲਾ ਲਵਾਂਗਾ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਹੁਣ ਨਹੀਂ ਖੇਡਾਂਗਾ ਅਤੇ ਨਾਲ ਹੀ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਮੈਂ ਵਾਪਸੀ ਕਰਾਂਗਾ। ਮੇਰੇ ਕੋਲ ਸਮਾਂ ਹੈ।
ਵੀਡੀਓ ਲਈ ਕਲਿੱਕ ਕਰੋ -:
























