ਸਾਲ 2025 ਵਿੱਚ ਇੰਡੀਅਨ ਪ੍ਰੀਮੀਅਮ ਲੀਗ (IPL) ਮੈਚਾਂ ਤੋਂ ਬਾਅਦ, ਹੁਣ ਨਿਊ ਚੰਡੀਗੜ੍ਹ ਯਾਨੀ ਮੁੱਲਾਂਪੁਰ ਵਿੱਚ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਨੂੰ ਅੰਤਰਰਾਸ਼ਟਰੀ ਮੈਚਾਂ ਲਈ ਚੁਣਿਆ ਗਿਆ ਹੈ। ਇਸ ਸਟੇਡੀਅਮ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਦਾ ਸ਼ਡਿਊਲ ਜਾਰੀ ਕੀਤਾ ਹੈ।
ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਾਲ ਸਤੰਬਰ ਵਿੱਚ ਮੁੱਲਾਂਪੁਰ ਦੇ ਸਟੇਡੀਅਮ ਵਿੱਚ ਆਸਟ੍ਰੇਲੀਆ ਨਾਲ 2 ਇੱਕ ਰੋਜ਼ਾ ਅੰਤਰਰਾਸ਼ਟਰੀ (ODI) ਮੈਚ ਖੇਡੇਗੀ। ਇਸ ਤੋਂ ਬਾਅਦ ਭਾਰਤੀ ਟੀਮ ਦਸੰਬਰ ਵਿੱਚ ਇਸ ਮੈਦਾਨ ‘ਤੇ ਇੱਕ T20 ਮੈਚ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਮੈਦਾਨ IPL ਟੀਮ ਪੰਜਾਬ ਕਿੰਗਜ਼ ਦਾ ਘਰੇਲੂ ਮੈਦਾਨ ਹੈ।

BCCI ਮੁਤਾਬਕ ਆਸਟ੍ਰੇਲੀਆ ਅਤੇ ਭਾਰਤ ਮਹਿਲਾ ਟੀਮ ਵਿਚਕਾਰ ਸਤੰਬਰ ਵਿੱਚ ਹੋਣ ਵਾਲੇ ਦੋਵੇਂ ਇੱਕ ਰੋਜ਼ਾ ਮੈਚ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡੇ ਜਾਣੇ ਸਨ, ਪਰ ਆਊਟਫੀਲਡ ਅਤੇ ਪਿੱਚਾਂ ਦੀ ਮੁਰੰਮਤ ਉੱਥੇ ਚੱਲ ਰਹੀ ਹੈ। ਇਸ ਕਾਰਨ, ਮੈਚਾਂ ਨੂੰ ਸ਼ਿਫਟ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਦੇ ਨਾਲ ਹੀ, ਦੱਖਣੀ ਅਫਰੀਕਾ ਦੀ ਪੁਰਸ਼ ਟੀਮ ਵੀ ਇਸ ਸਾਲ ਭਾਰਤ ਆ ਰਹੀ ਹੈ। ਇਸਦਾ ਦੌਰਾ 14 ਨਵੰਬਰ ਤੋਂ 19 ਦਸੰਬਰ ਤੱਕ ਚੱਲੇਗਾ। ਟੀਮ ਪੰਜ ਟੀ-20 ਮੈਚ ਖੇਡੇਗੀ, ਜਿਨ੍ਹਾਂ ਵਿੱਚੋਂ 11 ਦਸੰਬਰ ਨੂੰ ਹੋਣ ਵਾਲਾ ਮੈਚ ਮੁੱਲਾਂਪੁਰ ਸਟੇਡੀਅਮ ਨੂੰ ਦਿੱਤਾ ਗਿਆ ਹੈ। ਜਦੋਂ ਕਿ 14 ਦਸੰਬਰ ਨੂੰ ਹੋਣ ਵਾਲਾ ਟੀ-20 ਮੈਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਧਰਮਸ਼ਾਲਾ ਵਿਖੇ ਹੋਵੇਗਾ।
ਦੱਸ ਦੇਈਏ ਕਿ ਜਦੋਂ ਭਾਰਤੀ ਫੌਜ ਨੇ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਜੋਂ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ, ਤਾਂ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਤਣਾਅ ਵਧ ਗਿਆ। ਇਸ ਕਾਰਨ ਦੇਸ਼ ਵਿੱਚ ਚੱਲ ਰਿਹਾ ਆਈਪੀਐਲ ਟੂਰਨਾਮੈਂਟ ਵੀ ਮੁਲਤਵੀ ਕਰਨਾ ਪਿਆ।
ਇਸ ਤੋਂ ਬਾਅਦ ਜਦੋਂ ਜੰਗਬੰਦੀ ਹੋਈ, ਤਾਂ ਆਈਪੀਐਲ ਦੇ ਬਾਕੀ ਮੈਚ ਵੀ ਕਰਵਾਏ ਗਏ। ਇਸ ਲਈ ਕੁਝ ਮੈਚਾਂ ਦਾ ਸਥਾਨ ਬਦਲ ਦਿੱਤਾ ਗਿਆ, ਜਿਸ ਕਾਰਨ ਕੁਆਲੀਫਾਇਰ-1 ਅਤੇ ਐਲੀਮੀਨੇਟਰ ਮੈਚਾਂ ਦੀ ਮੇਜ਼ਬਾਨੀ ਮੁੱਲਾਂਪੁਰ ਸਟੇਡੀਅਮ ਨੂੰ ਦਿੱਤੀ ਗਈ। ਇਹ ਮੈਚ 29 ਅਤੇ 30 ਮਈ ਨੂੰ ਖੇਡੇ ਗਏ ਸਨ।
ਇਹ ਵੀ ਪੜ੍ਹੋ : ਪਟਿਆਲਾ : ਘਰ ‘ਚ ਰੋਟੀ ਪਕਾਉਣ ਆਈ ਔਰਤ ਦੀ ਸ਼ੱਕੀ ਹਲਾਤਾਂ ‘ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
ਇਹ ਮੈਚ ਪਹਿਲਾਂ ਹੈਦਰਾਬਾਦ ਵਿੱਚ ਹੋਣੇ ਸਨ, ਪਰ ਖਰਾਬ ਮੌਸਮ ਕਾਰਨ ਇਨ੍ਹਾਂ ਨੂੰ ਮੁੱਲਾਂਪੁਰ ਵਿੱਚ ਤਬਦੀਲ ਕਰ ਦਿੱਤਾ ਗਿਆ। ਭਾਵੇਂ ਇੱਥੇ ਵੀ ਮੌਸਮ ਖਰਾਬ ਸੀ, ਪਰ ਮੈਚ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਹੋਏ।
ਵੀਡੀਓ ਲਈ ਕਲਿੱਕ ਕਰੋ -:
























