Punjab Bureau of Investment: ਚੰਡੀਗੜ: ਸੂਬੇ ਵਿੱਚ ਨੂੰ ਨਿਵੇਸ਼ ਨੂੰ ਹੋਰ ਉਤਸ਼ਾਹਤ ਕਰਨ ਅਤੇ ਪ੍ਰਬੰਧਨ ਸਬੰਧੀ ਰਣਨੀਤੀਆਂ ਨੂੰ ਪੁਖ਼ਤਾ ਬਣਾਉਣ ਲਈ, ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਪੀਬੀਆਈਪੀ) ਅਤੇ ਸਿੰਗਾਪੁਰ ਸਥਿਤ ਚਾਂਡਲਰ ਇੰਸਟੀਚਿਊਟ ਆਫ ਗਵਰਨੈਂਸ (ਸੀਆਈਜੀ) ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਸਹਿਮਤੀ ਸਮਝੌਤੇ `ਤੇ ਦਸਤਖਤ ਕੀਤੇ। ਪੰਜਾਬ ਸਰਕਾਰ ਵੱਲੋਂ ਨਿਵੇਸ਼ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਅਤੇ ਸੀ.ਆਈ.ਜੀ. ਦੇ ਕਾਰਜਕਾਰੀ ਨਿਰਦੇਸ਼ਕ ਵੂਈ ਵੇ ਨੇਗ ਨੇ ਇਹ ਸਮਝੌਤਾ ਸਹੀਬੱਧ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸੀ.ਆਈ.ਜੀ. ਵਿਚਕਾਰ ਇਹ ਸਮਝੌਤਾ ਭਾਈਵਾਲੀ ਲਈ ਇਕ ਅਹਿਮ ਮੀਲ ਪੱਥਰ ਸਾਬਤ ਹੋਵੇਗਾ ਅਤੇ ਰਾਜ ਦੇ ਵੱਖ-ਵੱਖ ਖੇਤਰਾਂ ਵਿਚ ਨਿਵੇਸ਼ਾਂ ਨੂੰ ਯਕੀਨੀ ਬਣਾਉਣ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਲਈ ਦੋਵੇਂ ਧਿਰਾਂ ਵਿਚ ਵਿਆਪਕ ਸੂਝ ਬੂਝ ਪੈਦਾ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਸਮਝੌਤਾ ਪਿਛਲੇ ਮਹੀਨਿਆਂ ਦੌਰਾਨ ਸੀਆਈਜੀ ਅਤੇ ਪੀਬੀਆਈਪੀ ਦੀ ਸੀਨੀਅਰ ਲੀਡਰਸ਼ਿਪ ਦਰਮਿਆਨ ਹੋਏ ਵਿਚਾਰ ਵਟਾਂਦਰੇ ਰਾਹੀਂ ਸਾਂਝੇ ਤੌਰ ਤੇ ਵਿਕਸਤ ਕੀਤੇ ਭਾਈਵਾਲੀ ਦੇ ਖੇਤਰਾਂ ਦੀ ਰੂਪ ਰੇਖਾ ਉਲੀਕਣ ਉਪਰੰਤ ਕੀਤਾ ਗਿਆ। ਇਸ ਸਮਝੌਤੇ ਤਹਿਤ, ਪੀਬੀਆਈਪੀ ਅਤੇ ਸੀਆਈਜੀ ਖੋਜ ਸਹਾਇਤਾ ਸਮੇਤ ਨਿਵੇਸ਼ਕਾਂ ਦੀ ਪਹੁੰਚ ਦੀਆਂ ਪ੍ਰਕਿਰਿਆਵਾਂ ਨੂੰ ਵਧਾਉਣ, ਨਿਵੇਸ਼ ਦੀ ਸਹੂਲਤ ਅਤੇ ਰੈਗੂਲੇਟਰੀ ਪ੍ਰਵਾਨਗੀਆਂ ; ਨਿਵੇਸ਼ ਪੰਜਾਬ ਦੇ ਅਧਿਕਾਰੀਆਂ ਲਈ ਪ੍ਰਤਿਭਾ ਅਤੇ ਹੁਨਰ ਵਿਕਾਸ; ਅਤੇ ਪੰਜਾਬ ਨੂੰ ਨਿਵੇਸ਼ ਲਈ ਇੱਕ ਆਦਰਸ਼ ਥਾਂ ਵਜੋਂ ਪੇਸ਼ ਕਰਨ ਦੇ ਖੇਤਰਾਂ `ਤੇ ਧਿਆਨ ਕੇਂਦਰਤ ਕਰਨਗੇ। ਇਸ ਮੌਕੇ ਵਧੀਕ ਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਵਿੱਚ ਨਿਵੇਸ਼ ਅਤੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਮਹੱਤਵਪੂਰਨ ਪਹਿਲਕਦਮੀਆਂ ਕਰ ਰਹੀ ਹੈ। ਪੰਜਾਬ ਦੇ ਵਪਾਰ ਕਰਨ ਨੂੰ ਸੁਖਾਲਾ ਬਣਾਉਣ ਲਈ ਕੀਤੇ ਸੁਧਾਰ ਸੂਬੇ ਵਿੱਚ ਹੋਏ ਆਰਥਿਕ ਵਿਕਾਸ ਲਈ ਲਾਹੇਵੰਦ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਨੇ ਜੀ.ਆਈ.ਐੱਸ. ਅਧਾਰਤ ਮੈਪਿੰਗ ਨਾਲ ਜ਼ਮੀਨ ਦੀ ਸ਼ਨਾਖ਼ਤ ਕਰਨ ਲਈ ਇਕ ਆਨ ਲਾਈਨ ਲੈਂਡ ਬੈਂਕ ਵੀ ਬਣਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੀਆਈਜੀ ਦੇ ਨਾਲ ਸਹਿਯੋਗੀ ਸਾਂਝੇਦਾਰੀ ਨਿਵੇਸ਼ਕ ਪ੍ਰਬੰਧਨ ਅਤੇ ਲੀਡ ਜਨਰੇਸ਼ਨ ਦੀ ਸਹੂਲਤ ਲਈ ਕਾਰੋਬਾਰੀ ਪ੍ਰਕਿਰਿਆਵਾਂ ਨੂੰ ਵਧਾਉਣ ਦੇ ਜ਼ਰੀਏ ਸੂਬੇ ਵਿੱਚ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਸੀਈਓ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਈਸ਼ਾ ਕਾਲੀਆ ਅਤੇ ਜੁਆਇੰਟ ਚੀਫ਼ ਐਗਜੀਕਿਊਟ ਆਫ਼ਿਸਰ (ਜੇਸੀਈਓ) ਪੀਬੀਆਈਪੀ ਅਵਨੀਤ ਕੌਰ, ਸੀਆਈਜੀ ਦੇ ਕਾਰਜਕਾਰੀ ਡਾਇਰੈਕਟਰ ਵੂ ਵੀ ਨੈਂਗ, ਸੀ.ਆਈ.ਜੀ. ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਡਾ. ਗਿਆਨੇਂਦਰ ਬਡਗੈਯਾਨ ਤੋਂ ਇਲਾਵਾ ਇਨਵੈਸਟ ਪੰਜਾਬ ਅਤੇ ਸੀਆਈਜੀ ਟੀਮ ਦੇ ਮੈਂਬਰ ਹਾਜ਼ਰ ਸਨ।
Home ਖ਼ਬਰਾਂ ਤਾਜ਼ਾ ਖ਼ਬਰਾਂ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਤੇ ਸੀ.ਆਈ.ਜੀ. ਨੇ ਪੰਜਾਬ ‘ਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਸਹਿਮਤੀ ਸਮਝੌਤਾ ਕੀਤਾ ਸਹੀਬੱਧ
ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਤੇ ਸੀ.ਆਈ.ਜੀ. ਨੇ ਪੰਜਾਬ ‘ਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਸਹਿਮਤੀ ਸਮਝੌਤਾ ਕੀਤਾ ਸਹੀਬੱਧ
May 23, 2020 1:13 am
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .