Wasim Akram not in favor : ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਵਸੀਮ ਅਕਰਮ ਬਿਨਾਂ ਦਰਸ਼ਕਾਂ ਦੇ ਟੀ20 ਵਿਸ਼ਵ ਕੱਪ ਦੇ ਪੱਖ ਵਿਚ ਨਹੀਂ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ’ਤੇ ਕਾਬੂ ਪਾਉਣ ਤੋਂ ਬਾਅਦ ਆਈਸੀਸੀ ਨੂੰ ਇਸ ਟੂਰਨਾਮੈਂਟ ਦੀ ਮੇਜਬਾਨੀ ਲਈ ਸਹੀ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ। ਇਸ ਸਬੰਧੀ ਕਿਆਸ ਲਗਾਏ ਜਾ ਰਹੇ ਹਨ ਕਿ ਕੋਰੋਨਾ ਮਹਾਮਾਰੀ ਕਾਰਨ ਜਾਰੀ ਯਾਤਰਾ ’ਤੇ ਲੱਗੀਆਂ ਪਾਬੰਦੀਆਂ ਕਾਰਨ ਆਸਟ੍ਰੇਲੀਆ ਵਿਚ ਅਕਤੂਬਰ ਨਵੰਬਰ ਵਿਚ ਹੋਣ ਵਾਲਾ ਟੀ20 ਵਿਸ਼ਵ ਕੱਪ ਰੱਦ ਕੀਤਾ ਜਾ ਸਕਦਾ ਹੈ।
ਅਕਰਮ ਨੇ ਅੱਗੇ ਕਿਹਾ, ’’ਨਿੱਜੀ ਤੌਰ ’ਤੇ ਮੈਨੂੰ ਇਹ ਸਹੀ ਨਹੀਂ ਲਗਦਾ। ਦਰਸ਼ਕਾਂ ਦੇ ਬਿਨਾਂ ਵਿਸ਼ਵ ਕੱਪ ਕਿਵੇਂ ਹੋ ਸਕਦਾ ਹੈ।’ ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਦਾ ਮਤਲਬ ਹੈ ਖਚਾਖਚ ਭਰਿਆ ਸਟੇਡੀਅਮ। ਦੁਨੀਆ ਭਰ ਤੋਂ ਦਰਸ਼ਕ ਆਪਣੀਆਂ ਟੀਮਾਂ ਦੇ ਸਮਰਥਨ ਲਈ ਆਉਂਦੇ ਹਨ। ਇਹ ਸਭ ਮਾਹੌਲ ਦੀ ਗੱਲ ਹੈ ਤੇ ਦਰਸ਼ਕਾਂ ਤੋਂ ਬਿਨਾਂ ਮਾਹੌਲ ਕੀ ਬਣੇਗਾ।’’ ਜ਼ਿਕਰਯੋਗ ਹੈ ਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਟੀ20 ਵਿਸ਼ਵ ਕੱਪ ਨੂੰ ਲੈ ਕੇ 10 ਜੂਨ ਨੂੰ ਫੈਸਲਾ ਲਏਗੀ।
ਅਕਰਮ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ, ’’ਮੇਰਾ ਮੰਨਣਾ ਹੈ ਕਿ ਆਈਸੀਸੀ ਨੂੰ ਸਹੀ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ। ਇਕ ਵਾਰ ਇਸ ਮਹਾਮਾਰੀ ’ਤੇ ਕਾਬੂ ਆ ਜਾਵੇ ਅਤੇ ਯਾਤਰਾ ਦੀਆਂ ਪਾਬੰਦੀਆਂ ਹੱਟ ਜਾਣ ਤਾਂ ਵਿਸ਼ਵ ਕੱਪ ਚੰਗੀ ਤਰ੍ਹਾਂ ਹੋਵੇਗਾ।’ ਗੇਂਦ ’ਤੇ ਥੁੱਕ ਦੇ ਇਸਤੇਮਾਲ ’ਤੇ ਰੋਕ ਦੇ ਮਸਲੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਆਈਸੀਸੀ ਨੂੰ ਇਸ ਦਾ ਤੁਰੰਤ ਹੱਲ ਕੱਢਣਾ ਹੋਵੇਗਾ। ਉਨ੍ਹਾਂ ਕਿਹਾ ਕਿ ’ਤੇਜ਼ ਗੇਂਦਬਾਜ਼ਾਂ ਨੂੰ ਥੁੱਕ ਦੇ ਇਸਤੇਮਾਲ ’ਤੇ ਰੋਕ ਪਸੰਦ ਨਹੀਂ ਆਏਗੀ। ਪਸੀਨੇ ਨਾਲ ਉਹ ਗੱਲ ਨਹੀਂ ਆਉਂਦੀ। ਜ਼ਿਆਦਾ ਪਸੀਨੇ ਨਾਲ ਗੇਂਦ ਗਿੱਲੀ ਹੋ ਜਾਏਗੀ। ਆਈਸੀਸੀ ਨੂੰ ਇਸ ਦਾ ਕੋਈ ਹੱਲ ਕੱਢਣਾ ਹੋਵੇਗਾ।’