corona test free entrepreneurs employees: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹਾਂ ਪ੍ਰਸ਼ਾਸਨ ਅਤੇ ਭਾਰਤੀ ਉਦਯੋਗ ਕਨਫੈਡਰੇਸ਼ਨ (ਸੀ.ਆਈ.ਆਈ) ਦੇ ਸਾਂਝੇ ਯਤਨ ਨਾਲ ਲੁਧਿਆਣਾ ਦੇ ਸਾਰੇ ਕਾਰਖਾਨਿਆਂ ‘ਚ ਕਾਰੋਬਾਰੀਆਂ ਅਤੇ ਕਰਮਚਾਰੀਆਂ ਦੇ ਟੈਸਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਵਿਆਪਕ ਛਾਣਬੀਣ ਕੀਤੀ ਜਾ ਸਕੇ ਅਤੇ ਸਮਾਂ ਰਹਿੰਦਿਆਂ ਮਰੀਜ਼ਾਂ ਦਾ ਪਤਾ ਲਾਇਆ ਜਾ ਸਕੇ। ਦੱਸ ਦੇਈਏ ਕਿ ਕੋਰੋਨਾ ਟੈਸਟ ਦੇ ਲਈ ਸਰਕਾਰੀ ਡਾਕਟਰਾਂ ਦੀ ਟੀਮ ਖੁਦ ਕਾਰਖਾਨਿਆਂ ‘ਚ ਆਵੇਗੀ ਅਤੇ ਸਾਰੇ ਨਿਯਮਾਂ ਦਾ ਪਾਲਣ ਕਰ ਕੇ ਸੈਂਪਲ ਲਵੇਗੀ। ਇਸ ਦੌਰਾਨ ਕਾਰਖਾਨਿਆਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੋਵਿਡ-19 ਦੇ ਲੱਛਣ ਅਤੇ ਬਚਾਅ ਦੇ ਤਰੀਕਿਆਂ ਬਾਰੇ ਵੀ ਦੱਸਿਆ ਜਾਵੇਗਾ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਟੈਸਟ ਪਾਜ਼ੀਟਿਵ ਆਉਣ ‘ਤੇ ਕਿਸੇ ਵੀ ਕਾਰਖਾਨੇ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਫੈਕਟਰੀ ਮਾਲਕ ਨੂੰ ਪਰੇਸ਼ਾਨ ਕੀਤਾ ਜਾਵੇਗਾ। ਸਿਰਫ ਪਾਜ਼ੀਟਿਵ ਆਉਣ ‘ਤੇ ਵਰਕਰ ਨੂੰ ਹੋਮ ਕੁਆਰੰਟਾਈਨ ਕੀਤਾ ਜਾਵੇਗਾ ਤਾਂ ਕਿ ਜ਼ਿਆਦਾ ਲੋਕ ਇਸ ਦੀ ਚਪੇਟ ‘ਚ ਨਾ ਆਉਣ।
ਸਿਵਲ ਸਰਜਨ ਡਾਕਟਰ ਰਾਜ਼ੇਸ਼ ਬੱਗਾ ਨੇ ਦੱਸਿਆ ਹੈ ਕਿ ਇਸ ਮੁਹਿੰਮ ਅਧੀਨ ਇਕ ਐੱਮ.ਐੱਮ.ਯੂ ਨੂੰ ਲੁਧਿਆਣਾ ਸ਼ਿਫਟ ਕੀਤਾ ਜਾ ਰਿਹਾ ਹੈ ਤਾਂ ਕਿ ਜਾਂਚ ‘ਚ ਤੇਜ਼ੀ ਲਿਆਂਦੀ ਜਾ ਸਕੇ। ਜ਼ਿਕਰਯੋਗ ਹੈ ਕਿ ਮਿਸ਼ਨ ਡਾਇਰੈਕਟਰ ਨੇ ਐੱਸ.ਬੀ.ਐੱਸ.ਨਗਰ ਦੇ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਐੱਮ.ਐੱਮ.ਯੂ ਨੂੰ ਲੁਧਿਆਣਾ ਸਿਵਲ ਸਰਜਨ ਦਫਤਰ ‘ਚ ਸ਼ਿਫਟ ਕਰਨ ਲਈ ਕਿਹਾ ਹੈ। ਉਨ੍ਹਾਂ ਮੁਤਾਬਕ ਮਹਾਨਗਰ ‘ਚ 2 ਐੱਮ.ਐੱਮ.ਯੂ ਦੀ ਜਰੂਰਤ ਹੈ।