Corona test Ludhiana residents DC: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਅਫ਼ਵਾਹ ‘ਚ ਨਾ ਆਉਣ। ਇਸ ਦੇ ਨਾਲ ਹੀ ਆਪਣੇ ਆਪ ਨੂੰ ਅਤੇ ਸਮਾਜ ਨੂੰ ਕੋਰੋਨਾ ਮਹਾਮਰੀ ਤੋਂ ਬਚਾਉਣ ਲਈ ਵੱਧ ਤੋਂ ਵੱਧ ਕੋਰੋਨਾ ਟੈਸਟ ਕਰਵਾਉਣ ਲਈ ਪਹਿਲ ਕਦਮੀ ਕਰਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਫ਼ਵਾਹਾਂ ‘ਤੇ ਕੋਰੋਨਾ ਟੈਸਟ ਕਰਵਾਉਣ ਤੋਂ ਟਾਲਮਟੋਲ ਕਰਾਂਗੇ ਤਾਂ ਕੋਰੋਨਾ ਨੂੰ ਖਤਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਨੂੰ ਕੋਰੋਨਾ ਦਾ ਕੋਈ ਵੀ ਲੱਛਣ ਨਜ਼ਰ ਆਉਂਦਾ ਹੈ ਤਾਂ ਉਹ ਤੁਰੰਤ ਆਪਣੇ ਨੇੜਲੇ ਸਿਹਤ ਕੇਂਦਰ ‘ਚ ਜਾ ਕੇ ਫਰੀ ਕੋਰੋਨਾ ਟੈਸਟ ਕਰਵਾਏ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਆਪਣੀ ਸਮੱਸਿਆ ਦੱਸ ਕੇ ਪ੍ਰਸ਼ਾਸਨ ਤੋਂ ਆਪਣੀ ਹੱਕ ਕਰਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪਿੰਡ, ਸ਼ਹਿਰ ਤੇ ਕਸਬਿਆਂ ਦੇ ਮੁਖੀ ਭਾਵ ਸਰਪੰਚਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ-ਆਪਣੇ ਇਲਾਕੇ ‘ਚ ਅਫਵਾਹਾਂ ਫੈਲਾਉਣ ਵਾਲਿਆਂ ਦੀ ਜਾਣਕਾਰੀ ਦੇਣ ਤਾਂ ਜੋ ਅਜਿਹੇ ਵਿਅਕਤੀਆਂ ਦੇ ਖ਼ਿਲਾਫ਼ ਪੁਲਿਸ ਰਾਹੀਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀ ਹਾਲਤ ‘ਚ ਬਖ਼ਸ਼ਿਆ ਨਹੀਂ ਜਾਵੇਗਾ । ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਅਫ਼ਵਾਹ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ਼ ‘ਤੇ ਲਾਗ ਇੰਨ ਕਰਨ।
ਜ਼ਿਕਰਯੋਗ ਹੈ ਕਿ ਹੁਣ ਤੱਕ ਮਹਾਨਗਰ ‘ਚ 10,222 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 413 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਹੁਣ ਜ਼ਿਲ੍ਹੇ ਭਰ ‘ਚ 1729 ਸਰਗਰਮ ਮਾਮਲੇ ਹਨ। ਇਸ ਤੋਂ ਇਲਾਵਾ ਮੌਜੂਦਾ ਸਮੇਂ ਦੌਰਾਨ 5985 ਲੋਕ ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਹਨ। ਹੁਣ ਤੱਕ ਜ਼ਿਲ੍ਹੇ ਭਰ ‘ਚੋਂ 1,23,260 ਸੈਂਪਲ ਲਏ ਜਾ ਚੁੱਕੇ ਹਨ।