Plasma donated female police officers: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਖਿਲਾਫ ਫ੍ਰੰਟ ਲਾਈਨ ‘ਤੇ ਕੰਮ ਕਰ ਰਹੀ ਕਮਿਸ਼ਨਰੇਟ ਪੁਲਿਸ ਦੀ ਮਹਿਲਾ ਮੁਲਾਜ਼ਮ ਵੀ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਈਆਂ ਹਨ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਇਕ ਐੱਸ.ਐੱਚ.ਓ ਸਮੇਤ 2 ਮਹਿਲਾ ਮੁਲਾਜ਼ਮਾਂ ਦੁਆਰਾ ਡੀ.ਐੱਮ.ਸੀ ਹਸਪਤਾਲ ‘ਚ ਪਲਾਜ਼ਮਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਫੇਸਬੁੱਕ ਪੇਜ ‘ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਐੱਸ.ਐੱਚ.ਓ ਬਸਤੀ ਜੋਧੇਵਾਲ ਐੱਸ.ਆਈ. ਹਰਸ਼ਪ੍ਰੀਤ ਕੌਰ ਗਰੇਵਾਲ ਅਤੇ ਕਾਂਸਟੇਬਲ ਸੁਸ਼ਮਾ ਦੁਆਰਾ ਪਲਾਜ਼ਮਾ ਦਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਪੁਲਿਸ ਕਮਿਸ਼ਨਰ ਦਫਤਰ ‘ਚ ਤਾਇਨਾਤ ਐਂਟੀ ਨਾਰਕੋਟਿਕਸ ਸੈੱਲ ਦੇ ਏ.ਸੀ.ਪੀ ਰਾਜ ਚੌਧਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਵੇ ਖਤਰਨਾਕ ਕੋਰੋਨਾਵਾਇਰਸ ਕਾਰਨ ਹੁਣ ਤੱਕ ਪੁਲਿਸ ਦੇ ਲਗਭਗ 400 ਪੁਲਿਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਜਾ ਚੁੱਕੇ ਹਨ। ਇਕ ਏ.ਸੀ.ਪੀ ਅਤੇ ਏ.ਐੱਸ.ਆਈ ਦੀ ਕੋਰੋਨਾ ਦੇ ਕਾਰਨ ਮੌਤ ਵੀ ਹੋ ਚੁੱਕੀ ਹੈ।ਦੂਜੇ ਪਾਸੇ ਪੁਲਿਸ ਦੇ ਪਾਜ਼ੀਟਿਵ ਤੋਂ ਸਿਹਤਯਾਬ ਹੋ ਚੁੱਕੇ ਪੁਲਿਸ ਮੁਲਾਜ਼ਮ ਗੰਭੀਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਲਈ ਪਲਾਜ਼ਮਾ ਡੋਨੇਟ ਕਰ ਰਹੇ ਹਨ। ਮਹਾਨਗਰ ‘ਚ ਹੁਣ ਤੱਕ 11477 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 486 ਲੋਕਾਂ ਨੇ ਦਮ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ 1235 ਤੱਕ ਪਹੁੰਚ ਗਈ ਹੈ ਜਿਨ੍ਹਾਂ ‘ਚੋਂ 117 ਲੋਕਾਂ ਦੀ ਮੌਤ ਹੋ ਗਈ ਹੈ। ਲੁਧਿਆਣਾ ਜ਼ਿਲ਼੍ਹੇ ‘ਚ ਇਸ ਸਮੇਂ 1751 ਸਰਗਰਮ ਮਾਮਲੇ ਹਨ।