IPL 2020 starts today: ਕੋਰੋਨਾ ਵਾਇਰਸ ਮਹਾਂਮਾਰੀ ਦੇ ਖੌਫ਼ ਦੇ ਵਿਚਾਲੇ ਦੁਨੀਆ ਭਰ ਦੇ ਕ੍ਰਿਕੇਟ ਪ੍ਰੇਮੀਆਂ ਦੇ ਚੇਹਰਿਆਂ ‘ਤੇ ਮੁਸਕਾਨ ਲਿਆਉਣ ਲਈ ਇੰਡੀਅਨ ਪ੍ਰੀਮੀਅਰ ਲੀਗ (IPL) ਅੱਜ ਯਾਨੀ ਕਿ ਸ਼ਨੀਵਾਰ ਸ਼ੁਰੂ ਹੋਣ ਜਾ ਰਿਹਾ ਹੈ। 13ਵੇਂ ਸੀਜ਼ਨ ਦੇ ਪਹਿਲੇ ਮੈਚ ਵਿੱਚ IPL ਦੇ ਇਤਿਹਾਸ ਦੀਆਂ ਦੋ ਸਭ ਤੋਂ ਸਫਲ ਟੀਮਾਂ ਮੁੰਬਈ ਇੰਡੀਅਨਜ਼ (MI) ਅਤੇ ਚੇੱਨਈ ਸੁਪਰ ਕਿੰਗਜ਼ (CSK) ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਰ ਇਸ ਵਾਰ ਸਟੇਡੀਅਮ ਵਿੱਚ ਪ੍ਰਸ਼ੰਸਕ ਨਹੀਂ ਹੋਣਗੇ ਅਤੇ ਪੂਰੇ ਟੂਰਨਾਮੈਂਟ ਦੌਰਾਨ ਖਾਲੀ ਸਟੇਡੀਅਮ ਵਿੱਚ ਮੈਚ ਖੇਡੇ ਜਾਣਗੇ। ਇਹ ਮੈਚ ਅਬੂ ਧਾਬੀ ਦੇ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ । ਅੱਜ ਦੇ ਮੁਕਾਬਲੇ ਦੌਰਾਨ ਬੇਸ਼ੱਕ ਦੋਨੋਂ ਟੀਮਾਂ ਲੀਗ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੁਣਗੀਆਂ, ਪਰ ਇਹ ਰਾਹ ਆਸਾਨ ਨਹੀਂ।
UAE ਉਹ ਜਗ੍ਹਾ ਹੈ ਜਿੱਥੇ ਬਹੁਤ ਸਾਰੇ ਖਿਡਾਰੀ ਅਜੇ ਤੱਕ ਨਹੀਂ ਖੇਡੇ ਹਨ ਅਤੇ ਪਹਿਲੀ ਵਾਰ ਉੱਥੇ ਦੀਆਂ ਪਿੱਚਾਂ ‘ਤੇ ਕਿਸਮਤ ਅਜ਼ਮਾਉਣਗੇ। IPL ਦੇ ਇਤਿਹਾਸ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਪੂਰਾ IPL ਭਾਰਤ ਤੋਂ ਬਾਹਰ ਆਯੋਜਿਤ ਕੀਤਾ ਗਿਆ ਹੈ । ਇਸ ਤੋਂ ਪਹਿਲਾਂ 2009 ਵਿੱਚ ਲੋਕ ਸਭਾ ਚੋਣਾਂ ਦੇ ਕਾਰਨ ਦੱਖਣੀ ਅਫਰੀਕਾ ਵਿੱਚ IPL ਦਾ ਆਯੋਜਨ ਕੀਤਾ ਗਿਆ ਸੀ। ਉੱਥੇ ਹੀ ਸਾਲ 2014 ਵਿੱਚ IPL ਦਾ ਪਹਿਲਾ ਹਾਫ਼ ਸੰਯੁਕਤ ਅਰਬ ਅਮੀਰਾਤ ਵਿੱਚ ਖੇਡਿਆ ਗਿਆ ਸੀ ਅਤੇ ਇਸਦਾ ਕਾਰਨ ਵੀ ਲੋਕ ਸਭਾ ਚੋਣਾਂ ਸਨ।
ਦਰਅਸਲ, ਇਸ ਲੀਗ ਵਿੱਚ ਹੁਣ ਤੱਕ ਦੋਵੇਂ ਟੀਮਾਂ ਇੱਕ-ਦੂਜੇ ਵਿਰੁੱਧ 28 ਮੈਚ ਖੇਡ ਚੁੱਕੀਆਂ ਹਨ। ਮੁੰਬਈ ਇੰਡੀਅਨਜ਼ ਨੇ 17 ਵਾਰ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਚੇੱਨਈ ਦੀ ਟੀਮ ਨੇ 11 ਵਾਰ ਜਿੱਤ ਪ੍ਰਾਪਤ ਕੀਤੀ ਹੈ। ਯੂਏਈ ਦੀ ਗੱਲ ਕਰੀਏ ਤਾਂ ਮੁੰਬਈ ਇੰਡੀਅਨਜ਼ ਨੇ ਇੱਥੇ ਖੇਡੇ ਗਏ IPL 2014 ਸੀਜ਼ਨ ਦੇ ਪਹਿਲੇ ਗੇੜ ਵਿੱਚ ਆਪਣੇ ਸਾਰੇ ਪੰਜ ਮੈਚ ਗਵਾ ਦਿੱਤੇ ਸਨ । ਅਜਿਹੀ ਸਥਿਤੀ ਵਿੱਚ ਮੁੰਬਈ ਕੋਲ UAE ਵਿੱਚ ਪਹਿਲੀ ਜਿੱਤ ਦਰਜ ਕਰਨ ਦੀ ਚੁਣੌਤੀ ਹੋਵੇਗੀ।
ਜੇਕਰ ਇੱਥੇ ਚੇਨਈ ਸੁਪਰ ਕਿੰਗਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਪਹਿਲਾਂ ਹੀ ਦੋ ਵੱਡੇ ਝਟਕੇ ਲੱਗੇ ਹਨ । ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਨਿੱਜੀ ਕਾਰਨਾਂ ਕਰਕੇ ਇਸ ਵਾਰ ਆਈਪੀਐਲ ਨਹੀਂ ਖੇਡ ਰਹੇ ਹਨ । ਦੋਵਾਂ ਨੂੰ ਚੇੱਨਈ ਟੀਮ ਦੀ ਮਹੱਤਵਪੂਰਣ ਕੜੀ ਮੰਨੀ ਜਾਂਦੀ ਸੀ। ਅਜਿਹੀ ਸਥਿਤੀ ਵਿੱਚ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਹੋਵੇਗੀ । ਪਰ ਧੋਨੀ ਨੂੰ ਉਹ ਕਪਤਾਨ ਮੰਨਿਆ ਜਾਂਦਾ ਹੈ ਜੋ ਕਿਸੇ ਵੀ ਸਥਿਤੀ ਵਿੱਚ ਟੀਮ ਦਾ ਪ੍ਰਬੰਧਨ ਕਰਦਾ ਹੈ।
ਉੱਥੇ ਹੀ ਦੂਜੇ ਪਾਸੇ ਮੁੰਬਈ ਦੀ ਗੱਲ ਕਰੀਏ ਤਾਂ ਉਸ ਨੇ ਕ੍ਰਿਸ ਲਿਨ ਵਰਗੇ ਬੱਲੇਬਾਜ਼ ਨੂੰ ਆਪਣੇ ਨਾਲ ਜੋੜ ਕੇ ਬੱਲੇਬਾਜ਼ੀ ਨੂੰ ਮਜ਼ਬੂਤ ਕੀਤਾ ਹੈ । ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਰੀ ਦੀ ਸ਼ੁਰੂਆਤ ਦੱਖਣੀ ਅਫਰੀਕਾ ਦੇ ਵਿਕਟਕੀਪਰ ਕਵਿੰਟਨ ਡੀ ਕਾੱਕ ਨਾਲ ਕਰਨਗੇ । ਜੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਰੋਹਿਤ ਅਤੇ ਡੀ ਕੋਕ ਦੀ ਜੋੜੀ ਨੇ ਪਿਛਲੇ ਸਾਲ ਇੱਕ ਵੱਡਾ ਧਮਾਕਾ ਕੀਤਾ ਸੀ।
ਚੇੱਨਈ ਸੁਪਰ ਕਿੰਗਜ਼(CSK)
ਮਹਿੰਦਰ ਸਿੰਘ ਧੋਨੀ (ਕਪਤਾਨ), ਡਵੇਨ ਬ੍ਰਾਵੋ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਰਵਿੰਦਰ ਜਡੇਜਾ, ਅੰਬਤੀ ਰਾਇਡੂ, ਪਿਯੂਸ਼ ਚਾਵਲਾ, ਕੇਦਾਰ ਜਾਧਵ, ਕਰਨ ਸ਼ਰਮਾ, ਇਮਰਾਨ ਤਾਹਿਰ, ਦੀਪਕ ਚਾਹਰ, ਸ਼ਾਰਦੂਲ ਠਾਕੁਰ, ਲੁੰਗੀ ਨਗਿਦੀ, ਮਿਸ਼ੇਲ ਸੇਂਟਨਰ, ਸੈਮ ਕੁਰੇਨ, ਮੁਰਲੀ ਵਿਜੈ, ਜੋਸ਼ ਹੇਜ਼ਲਵੁੱਡ, ਰਿਤੂਰਾਜ ਗਾਇਕਵਾੜ, ਨਾਰਾਇਣ ਜਗਾਦੀਸ਼ਨ, ਕੇਐਮ ਆਸਿਫ, ਮੋਨੂੰ ਕੁਮਾਰ, ਆਰ ਸਾਈ ਕਿਸ਼ੋਰ।
ਮੁੰਬਈ ਇੰਡੀਅਨਸ(MI)
ਰੋਹਿਤ ਸ਼ਰਮਾ (ਕਪਤਾਨ), ਸ਼ੇਰਫਨ ਰਦਰਫੋਰਡ, ਸੂਰਯਕੁਮਾਰ ਯਾਦਵ, ਅਨਮੋਲਪ੍ਰੀਤ ਸਿੰਘ, ਕ੍ਰਿਸ ਲਿਨ, ਸੌਰਭ ਤਿਵਾਰੀ, ਧਵਲ ਕੁਲਕਰਨੀ, ਜਸਪ੍ਰੀਤ ਬੁਮਰਾਹ, ਮਿਸ਼ੇਲ ਮੈਕਲਨੇਘਨ, ਰਾਹੁਲ ਚਾਹਰ, ਟ੍ਰੇਂਟ ਬੋਲਟ, ਮੋਹਸਿਨ ਖਾਨ, ਪ੍ਰਿੰਸ ਬਲਵੰਤ ਰਾਏ ਸਿੰਘ, ਦਿਗਵਿਜੇ ਦੇਸ਼ਮੁਖ, ਹਾਰਦਿਕ ਪਾਂਡਿਆ, ਜੈਯੰਤ ਯਾਦਵ, ਕੀਰੋਨ ਪੋਲਾਰਡ, ਕਰੁਨਲ ਪਾਂਡਿਆ, ਅਨੁਕੂਲ ਰਾਏ, ਨਾਥਨ ਕੂਲਟਰ ਨਾਇਲ, ਈਸ਼ਾਨ ਕਿਸ਼ਨ, ਕੁਇੰਟਨ ਡੀ ਕਾੱਕ, ਆਦਿੱਤਿਆ ਤਾਰੇ, ਜੇਮਸ ਪੈਟੀਨਸਨ।