paddy straw managed field: ਲੁਧਿਆਣਾ (ਤਰਸੇਮ ਭਾਰਦਵਾਜ)- ਪੀ.ਏ.ਯੂ ਦੇ ਪ੍ਰੋਫੈਸਰਾਂ ਨੇ ਖੁਲਾਸਾ ਕੀਤਾ ਹੈ ਕਿ 3 ਸਾਲ ਤੱਕ ਖੇਤ ‘ਚ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਨਾਲ ਚੌਥੇ ਸਾਲ ਕਣਕ ਦੀ ਫਸਲ ‘ਚ 10 ਫੀਸਦੀ ਵਾਧਾ ਹੋ ਸਕਦਾ ਹੈ, ਜੋ ਯੂਰੀਆ ਦੀ ਘੱਟ ਵਰਤੋਂ ਕਰਨ ‘ਤੇ ਵੀ ਪ੍ਰਾਪਤ ਹੋ ਸਕਦਾ ਹੈ। ਇਹ ਖੁਲਾਸਾ ਮਿੱਟੀ ਵਿਗਿਆਨ ਵਿਭਾਗ ਦੇ ਡਾ.ਆਰ.ਕੇ. ਗੁਪਤਾ, ਡਾ. ਜੇ.ਐੱਸ ਕੰਗ ਅਤੇ ਡਾ. ਹਰਮੀਤ ਸਿੰਘ ਦੇ 8 ਸਾਲ ਤੱਕ ਦੀ ਖੋਜ ‘ਚ ਹੋਇਆ ਹੈ। ਪ੍ਰੋਫੈਸਰ ਡਾ. ਆਰ.ਕੇ ਗੁਪਤਾ ਨੇ ਦੱਸਿਆ ਹੈ ਕਿ ਖੇਤ ‘ਚ ਪਰਾਲੀ ਦਾ ਪ੍ਰਬੰਧਨ ਕਰਨ ਨਾਲ ਖੇਤ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਚੌਥੇ ਸਾਲ ‘ਚ ਨਾਈਟ੍ਰੋਜਨ ਦੀ ਵਰਤੋਂ ਵੀ ਘੱਟ ਹੋ ਜਾਂਦੀ ਹੈ। ਝੋਨੇ ਦੀ ਪਰਾਲੀ ‘ਚ 5.5 ਕਿਲੋਗ੍ਰਾਮ ਨਾਈਟ੍ਰੋਜਨ, 2.3 ਕਿਲੋਗ੍ਰਾਮ ਫਾਸਫੋਰਸ, 25 ਕਿਲੋਗ੍ਰਾਮ ਪੋਟਾਸ਼ੀਅਮ, 1.2 ਕਿਲੋਗ੍ਰਾਮ ਸਲਫਰ, 400 ਕਿਲੋਗ੍ਰਾਮ ਕਾਰਬਨ ਅਤੇ ਕਈ ਤਰ੍ਹਾਂ ਦੇ ਮਾਈਕ੍ਰੋ ਪੌਸ਼ਟਿਕ ਤੱਤ ਹੁੰਦੇ ਹਨ।
ਇਨ੍ਹਾਂ ਪੌਸ਼ਟਿਕ ਤੱਤਾਂ ਦੀ ਵਰਤੋਂ ਉਨ੍ਹਾਂ ਨੂੰ ਖੇਤ ‘ਚ ਹੀ ਪ੍ਰਬੰਧਤ ਕਰਕੇ ਕੀਤੀ ਜਾ ਸਕਦੀ ਹੈ। ਇਸ ਤੋਂ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਪੈਦਾਵਰ ਵੀ ਚੰਗੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਖੋਜ ‘ਚੋਂ ਪਤਾ ਲੱਗਿਆ ਹੈ ਕਿ ਜਿਸ ਖੇਤ ‘ਚ ਪਰਾਲੀ ਸਾੜੀ ਜਾਂਦੀ ਹੈ, ਉਸ ਦੇ ਮੁਕਾਬਲੇ ਹੈਪੀ ਸੀਡਰ ਦੇ ਨਾਲ ਖੇਤ ‘ਚ ਹੀ ਪਰਾਲੀ ਦਾ ਪ੍ਰਬੰਧਨ ਕਰਨ ‘ਤੇ ਚੌਥੇ ਸਾਲ ਪ੍ਰਤੀ ਏਕੜ 20 ਕਿਲੋਗ੍ਰਾਮ ਘੱਟ ਯੂਰੀਆ ਪਾਉਣ ਦੇ ਨਾਲ-ਨਾਲ ਕਣਕ ਦੀ ਉਪਜ ‘ਚ ਵੀ 10 ਫੀਸਦੀ ਵਾਧਾ ਹੋਇਆ ਹੈ।
ਕਿਸਾਨਾਂ ਨੂੰ ਯੂਨੀਵਰਸਿਟੀ ਦੀ ਦੱਸੀ ਗਈ ਸਿਫਾਰਿਸ਼ ਨੂੰ ਅਪਣਾਉਣਾ ਹੋਵੇਗਾ। ਜੇਕਰ ਕਿਸਾਨ ਪਰਾਲੀ ਨੂੰ ਸਾੜਨ ਜਾਂ ਖੇਤ ਤੋਂ ਹਟਾ ਦਿੰਦੇ ਹਨ ਤਾਂ ਕਿਸਾਨਾਂ ਨੂੰ ਸਿਫਾਰਿਸ਼ ਕੀਤੀ ਗਈ ਨਾਈਟਰੋਜਨ ਤੋਂ ਵੀ ਕਾਫੀ ਜਿਆਦਾ ਨਾਈਟਰੋਜਨ ਦੀ ਮਾਤਰਾ ਨੂੰ ਖੇਤਾਂ ‘ਚ ਵਧਾਉਣਾ ਪੈਂਦਾ ਹੈ, ਜਿਸ ਤੋਂ ਜ਼ਮੀਨ ਅਤੇ ਵਾਤਾਵਰਣ ਦੇ ਲਈ ਨੁਕਸਾਨ ਹੈ। ਇਸ ਦੇ ਨਾਲ ਹੀ ਖੇਤੀ ਦੇ ਖਰਚਿਆਂ ਨੂੰ ਵੀ ਵਧਾ ਕੇ ਕਿਸਾਨਾਂ ਦੀ ਆਮਦਨ ਨੂੰ ਘੱਟ ਕਰਦਾ ਹੈ।
ਪਰਾਲੀ ਸਾੜਨ ਨਾਲ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪਰਾਲੀ ਨੂੰ ਸਾੜਨ ਨਾਲ ਨਾਈਟਰੋਜਨ 30 ਕਿਲੋਗ੍ਰਾਮ, ਫਾਸਫੋਰਸ 3.5 ਕਿਲੋਗ੍ਰਾਮ, ਪੋਟਾਸ਼ੀਅਮ 6.5 ਕਿਲੋਗ੍ਰਾਮ , ਸਲਫਰ ਤੇ ਕਾਰਬਨ ਦਾ 2400 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਦਾ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਪ੍ਰਤੀ ਹੈਕਟੇਅਰ 1960 ਰੁਪਏ ਦਾ ਨੁਕਸਾਨ ਹੁੰਦਾ ਹੈ। 200 ਲੱਖ ਟਨ ਦੀ ਝੌਨੇ ਦੀ ਪਰਾਲੀ ਸਾੜਨ ਨਾਲ ਸੂਬੇ ਦੇ ਕਿਸਾਨਾਂ ਨੂੰ ਸਾਲ ਭਰ ਦਾ 650 ਕਰੋੜ ਰੁਪਏ ਦਾ ਨੁਕਸਾਨ ਚੁੱਕਣਾ ਪੈ ਰਿਹਾ ਹੈ। ਮਾਹਰਾਂ ਮੁਤਾਬਕ ਹੈਪੀ ਸੀਡਰ ਦੀ ਵਰਤੋਂ ਕਰਨ ਨਾਲ ਪਹਿਲਾਂ ਖੇਤਾਂ ‘ਚੋਂ ਪਰਾਲੀ ਨੂੰ ਹਟਾਉਣ ‘ਤੇ ਝੋਨੇ ਦੀ ਪਰਾਲੀ ਦਾ ਕਈ ਤਰ੍ਹਾਂ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਇਸ ‘ਚ ਪਰਾਲੀ ਬਾਇਓਚਾਰ ਬਣਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਤੋਂ ਕੰਪੋਸਟ ਤਿਆਰ ਕੀਤੀ ਜਾ ਸਕਦੀ ਹੈ। ਇੱਥੋ ਤੱਕ ਕਿ ਝੋਨੇ ਦੀ ਪਰਾਲੀ ਤੋਂ ਬਾਇਓਗੈਸ ਵੀ ਤਿਆਰ ਕੀਤੀ ਜਾ ਸਕਦੀ ਹੈ। ਜਿਸ ਤੋਂ ਕਿ ਵਾਤਾਵਾਰਣ ਨੂੰ ਵੀ ਨੁਕਸਾਨ ਨਹੀ ਪਹੁੰਚਦਾ ਹੈ।