IPL 2020 KXIP vs CSK: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਪਾਸੜ ਮੈਚ ਵਿੱਚ 10 ਵਿਕਟਾਂ ਨਾਲ ਹਰਾਇਆ । ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 178 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਇੱਕ ਵੀ ਵਿਕਟ ਗੁਆਏ ਬਿਨ੍ਹਾਂ 17.4 ਓਵਰਾਂ ਵਿੱਚ ਇਹ ਟੀਚਾ ਹਾਸਿਲ ਕਰ ਲਿਆ। ਟੂਰਨਾਮੈਂਟ ਵਿੱਚ ਪਹਿਲੀ ਵਾਰ ਚੇੱਨਈ ਸੁਪਰ ਕਿੰਗਜ਼ ਦਾ ਓਪਨਿੰਗ ਦਿਖਾਈ ਦਿੱਤਾ। ਸ਼ੇਨ ਵਾਟਸਨ ਅਤੇ ਫਾਫ ਡੁਪਲੇਸੀ ਨੇ ਤੂਫਾਨੀ ਅਰਧ ਸੈਂਕੜਾ ਲਗਾਇਆ। ਡੁਪਲਸੀ ਨੇ ਨਾਬਾਦ 87 ਅਤੇ ਸ਼ੇਨ ਵਾਟਸਨ ਨੇ ਨਾਬਾਦ 83 ਦੌੜਾਂ ਬਣਾਈਆਂ । ਚੇੱਨਈ ਨੇ ਦੂਜੀ ਵਾਰ ਕਿੰਗਜ਼ ਇਲੈਵਨ ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ ਹੈ। ਇਸ ਤੋਂ ਪਹਿਲਾਂ ਸਾਲ 2013 ਵਿੱਚ ਵੀ ਚੇੱਨਈ ਨੇ 10 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ ਸੀ।
ਡੁਪਲੇਸੀ ਤੇ ਵਾਟਸਨ ਦੀ ਧਮਾਕੇਦਾਰ ਪਾਰੀ
ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ 179 ਦੌੜਾਂ ਦੇ ਵੱਡੇ ਟੀਚੇ ਨੂੰ ਹਾਸਿਲ ਕਰਨ ਲਈ ਮੈਦਾਨ ਵਿੱਚ ਉਤਰੀ ਚੇੱਨਈ ਨੂੰ ਵਾਟਸਨ ਅਤੇ ਡੁਪਲੇਸੀ ਨੇ ਚੰਗੀ ਸ਼ੁਰੂਆਤ ਦਿੱਤੀ। ਵਾਟਸਨ ਆਖਰੀ ਚਾਰ ਮੈਚਾਂ ਵਿੱਚ ਫਲਾਪ ਸੀ ਅਤੇ ਬਹੁਤ ਦਬਾਅ ਵਿੱਚ ਸੀ, ਪਰ ਐਤਵਾਰ ਨੂੰ ਉਹ ਇੱਕ ਵੱਖਰੇ ਰੰਗ ਵਿੱਚ ਨਜ਼ਰ ਆਇਆ। ਵਾਟਸਨ ਨੇ ਆਉਂਦਿਆਂ ਹੀ ਪੰਜਾਬ ਦੇ ਗੇਂਦਬਾਜ਼ਾਂ ‘ਤੇ ਹਮਲਾ ਕਰ ਦਿੱਤਾ । ਦੋਵੇਂ ਬੱਲੇਬਾਜ਼ਾਂ ਨੇ ਪਾਵਰਪਲੇਅ ਵਿੱਚ 60 ਦੌੜਾਂ ਬਣਾਈਆਂ।
ਫਾਫ ਡੂ ਪਲੇਸਿਸ ਅਤੇ ਵਾਟਸਨ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਸਿਰਫ 34 ਗੇਂਦਾਂ ਵਿੱਚ ਸੀ। ਚੇੱਨਈ ਦੇ ਬੱਲੇਬਾਜ਼ਾਂ ਨੇ ਪੰਜਾਬ ਦੇ ਗੇਂਦਬਾਜ਼ਾਂ ‘ਤੇ ਲਗਾਤਾਰ ਹਮਲਾ ਕੀਤਾ ਅਤੇ ਚੇੱਨਈ ਨੇ 10 ਓਵਰਾਂ ਤੋਂ ਪਹਿਲਾਂ 100 ਦੌੜਾਂ ਪੂਰੀਆਂ ਕਰ ਲਈਆਂ । ਇਸ ਦੌਰਾਨ ਸ਼ੇਨ ਵਾਟਸਨ ਨੇ ਇਸ ਸੀਜ਼ਨ ਦਾ ਆਪਣਾ ਪਹਿਲਾ ਅਰਧ ਸੈਂਕੜਾ ਸਿਰਫ 31 ਗੇਂਦਾਂ ਵਿੱਚ ਬਣਾਇਆ। ਉੱਥੇ ਹੀ ਡੁਪਲੇਸੀ ਨੇ 33 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਇਆ। ਸ਼ੇਨ ਵਾਟਸਨ ਅਰਧ ਸੈਂਕੜਾ ਲਗਾਉਣ ਤੋਂ ਬਾਅਦ ਬਹੁਤ ਹਮਲਾਵਰ ਹੋ ਗਿਆ ਅਤੇ ਚੇੱਨਈ ਨੇ 15 ਓਵਰਾਂ ਵਿੱਚ 150 ਦੌੜਾਂ ਬਣਾ ਲਈਆਂ । ਲਗਾਤਾਰ 10 ਦੌੜਾਂ ਦੀ ਰਨ ਰੇਟ ਨਾਲ ਖੇਡਦਿਆਂ ਦੋਵਾਂ ਬੱਲੇਬਾਜ਼ਾਂ ਨੇ ਚੇੱਨਈ ਨੂੰ 14 ਗੇਂਦਾਂ ਪਹਿਲਾਂ ਹੀ ਜਿੱਤ ਦਿਵਾ ਦਿੱਤੀ। ਵਾਟਸਨ ਅਤੇ ਡੁਪਲੇਸੀ ਨੇ 181 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਕਿ ਚੇੱਨਈ ਦੀ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਜਿੱਤ ਹੈ। ਇਨ੍ਹਾਂ ਦੋਵਾਂ ਪਾਰੀਆਂ ਦੇ ਅਧਾਰ ‘ਤੇ ਚੇੱਨਈ ਦੁਬਈ ਵਿੱਚ ਟੀਚੇ ਦਾ ਪਿੱਛਾ ਕਰਦਿਆਂ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ।
ਪੰਜਾਬ ਦੀ ਸ਼ਾਨਦਾਰ ਬੱਲੇਬਾਜ਼ੀ
ਇਸ ਤੋਂ ਪਹਿਲਾਂ ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ । ਉਸ ਦੇ ਬੱਲੇਬਾਜ਼ਾਂ ਖਾਸ ਕਰਕੇ ਕਪਤਾਨ ਕੇ ਐਲ ਰਾਹੁਲ ਨੇ ਵਧੀਆ ਬੱਲੇਬਾਜ਼ੀ ਕੀਤੀ । ਰਾਹੁਲ ਨੇ 63 ਦੌੜਾਂ ਬਣਾਈਆਂ । ਨਿਕੋਲਸ ਪੂਰਨ ਨੇ 3 ਛੱਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ । ਮਨਦੀਪ ਸਿੰਘ ਨੇ ਵੀ 27 ਦੌੜਾਂ ਦੀ ਤੇਜ਼ ਪਾਰੀ ਖੇਡੀ । ਮਯੰਕ ਅਗਰਵਾਲ ਨੇ 26 ਦੌੜਾਂ ਦਾ ਯੋਗਦਾਨ ਦਿੱਤਾ । ਪੰਜਾਬ ਦੇ ਗੇਂਦਬਾਜ਼ਾਂ ਨੇ ਬੱਲੇਬਾਜ਼ਾਂ ਦੀ ਸਖਤ ਮਿਹਨਤ ’ਤੇ ਪਾਣੀ ਪਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਕੋਟਰੇਲ, ਜਾਰਡਨ ਅਤੇ ਹਰਪ੍ਰੀਤ ਬਰਾੜ ਦੀ ਇਕਾਨਮੀ ਰੇਟ 10 ਦੌੜਾਂ ਪ੍ਰਤੀ ਓਵਰ ਸੀ। ਨਤੀਜੇ ਵਜੋਂ ਟੀਮ ਨੂੰ ਪੰਜ ਮੈਚਾਂ ਵਿੱਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ।