IPL speculators police assault: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਉਸ ਸਮੇਂ ਵੱਡੀ ਵਾਰਦਾਤ ਵਾਪਰ ਗਈ, ਜਦੋਂ ਇੱਥੇ ਆਈ.ਪੀ.ਐੱਲ ਦੇ ਮੈਚਾਂ ‘ਤੇ ਸੱਟਾਂ ਲਾਉਣ ਵਾਲਿਆਂ ‘ਤੇ ਛਾਪਾ ਮਾਰਨ ਪਹੁੰਚੀ ਪੁਲਿਸ ‘ਤੇ ਲਗਭਗ 25-30 ਲੋਕਾਂ ਨੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਦੋਸ਼ੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਕਮਰੇ ਦੇ ਅੰਦਰ ਬੰਦ ਤੱਕ ਕਰ ਲਿਆ ਹੈ। ਜਦੋਂ ਇਸ ਸਬੰਧੀ ਜਾਣਕਾਰੀ ਦੁਗਰੀ ਥਾਣਾ ਪੁਲਿਸ ਟੀਮ ਨੂੰ ਮਿਲੀ ਤਾਂ ਫਿਰ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਛੁਡਾਇਆ। ਥਾਣਾ ਦੁਗਰੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੁਗਰੀ ਥਾਣਾ ਇੰਚਾਰਜ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਗੁਪਤ ਸੂਚਨਾ ਮਿਲ ਰਹੀ ਸੀ ਕਿ ਦੁਗਰੀ ਇਲਾਕੇ ‘ਚ ਆਈ.ਪੀ ਐੱਲ ਦੀ ਸੱਟਾ ਲੱਗਦਾ ਹੈ, ਜੋ ਕਿ ਲੋਕੇਸ਼ਨ ਬਦਲ-ਬਦਲ ਕੇ 5-6 ਲੋਕ ਕਿਸੇ ਫਲੈਟ ‘ਚ ਬੈਠ ਕੇ ਮੋਬਾਇਲ ‘ਤੇ ਬੁੱਕ ਕਰਦੇ ਹਨ। ਇਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਤੋਂ ਬਾਅਦ ਚੌਕੀ ਬਸੰਤ ਐਵੇਨਿਊ ਦੇ ਇੰਚਾਰਜ ਰਣਜੀਤ ਸਿੰਘ ਅਤੇ ਮੁਲਾਜ਼ਮਾਂ ਨੇ ਛਾਪਾਮਾਰੀ ਕੀਤੀ ਤਾਂ ਮੌਕੇ ‘ਤੇ ਮੌਜੂਦ ਦੋਸ਼ੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਜੂਆ ਖੇਡ ਰਹੇ ਵਿਅਕਤੀਆਂ ਨੇ ਚੌਕੀ ਇੰਚਾਰਜ ਰਣਜੀਤ ਸਿੰਘ ਸਮੇਤ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਜਾਣਕਾਰੀ ਦੁਗਰੀ ਥਾਣਾ ਪੁਲਿਸ ਟੀਮ ਨੂੰ ਮਿਲੀ ਤਾਂ ਫਿਰ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਛੁਡਾਇਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ‘ਤੇ ਹਮਲਾ ਕਰਨ ਵਾਲੇ 25-30 ਦੇ ਕਰੀਬ ਵਿਅਕਤੀਆ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦਾ ਭਾਲ ਜਾਰੀ ਹੈ। ਇਨ੍ਹਾਂ ਦੋਸ਼ੀਆਂ ‘ਚ ਔਰਤਾਂ ਵੀ ਸ਼ਾਮਿਲ ਹਨ।