CSK vs MI Match: ਆਈਪੀਐਲ ਦੇ 13ਵੇਂ ਸੀਜ਼ਨ ਦੇ 41ਵੇਂ ਮੈਚ ਵਿੱਚ ਸ਼ੁੱਕਰਵਾਰ ਦੀ ਰਾਤ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇੱਨਈ ਸੁਪਰ ਕਿੰਗਜ਼ (CSK) ਨੇ ਮੁੰਬਈ ਇੰਡੀਅਨਜ਼ ਦੇ ਸਾਹਮਣੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿੱਤਾ । ਇਸਦੇ ਨਾਲ ਹੀ ਚੇੱਨਈ ਆਈਪੀਐਲ ਦੇ 13 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਲੇਆਫ ਦੀ ਦੌੜ ਤੋਂ ਬਾਹਰ ਹੋ ਸਕਦੀ ਹੈ। ਚੇੱਨਈ ‘ਕਰੋ ਜਾਂ ਮਰੋ’ ਮੁਹਿੰਮ ‘ਤੇ ਸੀ, ਪਰ ਚੇੱਨਈ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ । ਸ਼ਾਰਜਾਹ ਵਿੱਚ ਪਹਿਲਾਂ ਤਾਂ ਮੁੰਬਈ ਨੇ ਉਸ ਨੂੰ 114/9 ਦੌੜਾਂ ‘ਤੇ ਰੋਕ ਦਿੱਤਾ ਅਤੇ ਜਿੱਤ ਦਾ ਆਸਾਨ ਟੀਚਾ 12.2 ਓਵਰਾਂ ਵਿੱਚ ਬਿਨ੍ਹਾਂ ਕੋਈ ਵਿਕਟ ਗਵਾਏ ਹਾਸਿਲ ਕਰ ਕੇ 10 ਵਿਕਟਾਂ ਨਾਲ ਮਾਤ ਦਿੱਤੀ। ਆਈਪੀਐਲ ਦੇ ਇਤਿਹਾਸ ਵਿੱਚ ਚੇੱਨਈ ਪਹਿਲੀ ਵਾਰ 10 ਵਿਕਟਾਂ ਨਾਲ ਹਾਰੀ ਹੈ।
ਮੌਜੂਦਾ ਆਈਪੀਐਲ ਵਿੱਚ ਚੇੱਨਈ ਸੁਪਰ ਕਿੰਗਜ਼ ਦੀ ਕਹਾਣੀ ਨਹੀਂ ਬਦਲੀ। ਉਸ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ । ਇਹ ਉਸਦੀ 8ਵੀਂ ਹਾਰ ਰਹੀ ਅਤੇ ਪੁਆਇੰਟ ਟੇਬਲ ਵਿੱਚ ਆਖਰੀ ਸਥਾਨ ‘ਤੇ ਰਹਿ ਕੇ ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਦਿੱਤਾ ਹੈ। ਮੁੰਬਈ ਨੂੰ ਮੌਜੂਦਾ ਸੀਜ਼ਨ ਦੇ ਉਦਘਾਟਨ ਮੈਚ ਵਿੱਚ ਚੇੱਨਈ ਨੇ ਹਰਾਇਆ ਸੀ, ਪਰ ਇਸ ਵਾਰ ਚਾਰ ਵਾਰ ਦੀ ਚੈਂਪੀਅਨ ਮੁੰਬਈ ਦੀ ਵਾਰੀ ਸੀ । ਉੱਥੇ ਹੀ ਜੇਕਰ ਮੁੰਬਈ ਇੰਡੀਅਨਜ਼ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਨੇ ਆਪਣਾ 7ਵਾਂ ਮੈਚ ਜਿੱਤਿਆ । ਉਹ 10 ਮੈਚਾਂ ਵਿਚੋਂ 14 ਅੰਕ ਲੈ ਕੇ ਚੋਟੀ ‘ਤੇ ਪਹੁੰਚ ਗਈ ਹੈ । ਦਿੱਲੀ ਕੈਪੀਟਲਸ ਦੇ ਵੀ 10 ਮੈਚਾਂ ਵਿਚੋਂ 14 ਅੰਕ ਹਨ, ਪਰ ਮੁੰਬਈ ਬਿਹਤਰ ਰਨ ਰੇਟ ਦੇ ਅਧਾਰ ‘ਤੇ ਚੋਟੀ ‘ਤੇ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤੱਕ ਚੇੱਨਈ ਦੀ ਟੀਮ ਜਦੋਂ ਵੀ ਆਈਪੀਐਲ ਵਿੱਚ ਖੇਡੀ ਹੈ ਤਾਂ ਪਲੇਆਫ ਵਿੱਚ ਜਰੂਰ ਪਹੁੰਚੀ ਹੈ, ਪਰ ਇਸ ਵਾਰ ਇਹ ਕੋਈ ਕਾਰਨਾਮਾ ਨਹੀਂ ਕਰ ਸਕੀ। ਉਹ ਤਿੰਨ ਵਾਰ ਦਾ ਚੈਂਪੀਅਨ ਟੀਮ ਹੈ ਅਤੇ ਪੰਜ ਵਾਰ ਦੀ ਉਪ ਜੇਤੂ ਹੈ, ਪਰ ਇਸ ਵਾਰ ਉਸ ਦੇ 11 ਮੈਚਾਂ ਵਿਚੋਂ ਸਿਰਫ 6 ਅੰਕ ਹਨ । ਯਾਨੀ ਅਗਲੇ 3 ਮੈਚ ਜਿੱਤ ਕੇ ਵੀ ਉਸਦੇ ਕੁੱਲ 12 ਅੰਕ ਹੀ ਰਹਿਣਗੇ। ਅਜੇਹੀ ਸਥਿਤੀ ਵਿੱਚ ਉਹ ਪਲੇਆਫ ਦੀ ਦੌੜ ਵਿੱਚ ਪਹੁੰਚਣ ਦੀ ਉਮੀਦ ਨਹੀਂ ਕਰ ਸਕਦੀ।
ਇਸ ਮੈਚ ਵਿੱਚ ਜੇਕਰ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ। ਮੁੰਬਈ ਦੀ ਟੀਮ ਨੇ ਵਧੀਆ ਗੇਂਦਬਾਜ਼ੀ ਨਾਲ ਚੇੱਨਈ ਨੂੰ 114 ਦੌੜਾਂ ਦੇ ਸਕੋਰ ‘ਤੇ ਰੋਕ ਦਿੱਤਾ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਵੱਲੋਂ ਕੁਈਨਟਨ ਡਿਕੌਕ (ਨਾਬਾਦ 46) ਅਤੇ ਈਸ਼ਾਨ ਕਿਸ਼ਨ (ਨਾਬਾਦ 68 ਦੌੜਾਂ) ਦੀ ਸ਼ੁਰੂਆਤੀ ਜੋੜੀ ਉਤਰੀ। ਦੋਵਾਂ ਨੇ ਇਸ ਟੀਚੇ ਨੂੰ ਆਸਾਨੀ ਨਾਲ ਪ੍ਰਾਪਤ ਕਰ ਲਿਆ। ਈਸ਼ਾਨ ਕਿਸ਼ਨ ਨੇ ਆਪਣਾ ਅਰਧ ਸੈਂਕੜਾ 29 ਗੇਂਦਾਂ ਵਿੱਚ ਪੂਰਾ ਕੀਤਾ । ਇਸਦੇ ਜਵਾਬ ਵਿੱਚ, ਰੋਹਿਤ ਸ਼ਰਮਾ ਤੋਂ ਬਗੈਰ ਮੁੰਬਈ ਨੇ 12.2 ਓਵਰਾਂ ਵਿੱਚ ਬਿਨ੍ਹਾਂ ਕਿਸੇ ਨੁਕਸਾਨ ਦੇ ਟੀਚੇ ਨੂੰ ਪੂਰਾ ਕਰ ਲਿਆ । ਕੁਇੰਟਨ ਡਿਕੌਕ ਨੇ 37 ਗੇਂਦਾਂ ਵਿੱਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ, ਜਦੋਂ ਕਿ ਈਸ਼ਾਨ ਨੇ 37 ਗੇਂਦਾਂ ਵਿੱਚ 5 ਛੱਕਿਆਂ ਅਤੇ 6 ਚੌਕਿਆਂ ਦੀ ਮਦਦ ਨਾਲ 68 ਦੌੜਾਂ ਜੋੜੀਆਂ ।
ਉੱਥੇ ਹੀ ਦੂਜੇ ਪਾਸੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਚੇੱਨਈ ਦੀ ਟੀਮ ਨੇ ਪਾਵਰ ਪਲੇਅ ਦੇ ਅੰਦਰ ਪੰਜ ਵਿਕਟਾਂ ਗੁਆ ਦਿੱਤੀਆਂ । ਇਨ੍ਹਾਂ ਵਿੱਚੋਂ ਬੋਲਟ ਨੇ ਤਿੰਨ ਅਤੇ ਬੁਮਰਾਹ ਨੇ ਦੋ ਵਿਕਟਾਂ ਲਈਆਂ । ਮਹਿੰਦਰ ਸਿੰਘ ਧੋਨੀ ਦੀ ਟੀਮ ਇਨ੍ਹਾਂ ਸ਼ੁਰੂਆਤੀ ਝਟਕਿਆਂ ਤੋਂ ਉਬਰ ਨਹੀਂ ਕਰ ਸਕੀ । ਜੇਕਰ ਸੈਮ ਕੁਰੇਨ ਦੇ 52 ਦੌੜਾਂ ਨਹੀਂ ਬਣਾਉਂਦੇ, ਤਾਂ ਚੇੱਨਈ 9 ਵਿਕਟਾਂ ‘ਤੇ 114 ਦੇ ਸਕੋਰ ‘ਤੇ ਨਹੀਂ ਪਹੁੰਚ ਸਕਦੀ ਸੀ। ਇਸ ਮੁਕਾਬਲੇ ਵਿੱਚ ਕੁਰੇਨ ਨੇ 47 ਗੇਂਦਾਂ ਵਿੱਚ ਦੋ ਛੱਕਿਆਂ ਅਤੇ ਚਾਰ ਚੌਕਿਆਂ ਦੀ ਮਦਦ ਨਾਲ 52 ਦੌੜਾਂ ਦੀ ਪਾਰੀ ਖੇਡੀ । ਉਸਨੇ ਮੈਚ ਦੀ ਆਖਰੀ ਗੇਂਦ ਸੁੱਟੀ ਅਤੇ ਬੋਲਟ ਦਾ ਚੌਥਾ ਸ਼ਿਕਾਰ ਬਣ ਗਿਆ । ਬੋਲਟ ਨੇ 18 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ । ਉਸਨੇ ਆਪਣੇ ਆਖਰੀ ਓਵਰ ਵਿੱਚ 13 ਦੌੜਾਂ ਦਿੱਤੀਆਂ, ਯਾਨੀ ਪਹਿਲੇ ਤਿੰਨ ਓਵਰਾਂ ਵਿੱਚ ਸਿਰਫ ਪੰਜ ਦੌੜਾਂ ਦਿੱਤੀਆਂ । ਬੁਮਰਾਹ ਨੇ 25 ਦੌੜਾਂ ਦੇ ਕੇ ਦੋ ਅਤੇ ਲੈੱਗ ਸਪਿੰਨਰ ਰਾਹੁਲ ਚਾਹਰ ਨੇ 22 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।