CSK captain Dhoni told reason: ਆਈਪੀਐਲ 2020 ਦੇ 41ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੂੰ ਮੁੰਬਈ ਇੰਡੀਅਨਜ਼ ਦੇ ਹੱਥੋਂ 10 ਵਿਕਟਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਹਾਰ ਦੇ ਨਾਲ CSK ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਗਈਆਂ ਹਨ। ਟੀਮ ਦੇ ਬੱਲੇਬਾਜ਼ਾਂ ਦੇ ਮਾੜੇ ਪ੍ਰਦਰਸ਼ਨ ਦੇ ਕਾਰਨ ਮੁੰਬਈ ਖਿਲਾਫ ਚੇੱਨਈ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 114 ਦੌੜਾਂ ਹੀ ਬਣਾ ਸਕੀ । ਇਸਦੇ ਜਵਾਬ ਵਿੱਚ ਮੁੰਬਈ ਦੀ ਟੀਮ ਨੇ ਇਹ ਟੀਚਾ ਬਿਨ੍ਹਾਂ ਕੋਈ ਵਿਕਟ ਗੁਆਏ 12.2 ਓਵਰਾਂ ਵਿੱਚ ਹਾਸਿਲ ਕਰ ਲਿਆ। ਟੀਮ ਦੀ ਇਸ ਹਾਰ ਕਾਰਨ ਕਪਤਾਨ ਧੋਨੀ ਬਹੁਤ ਨਿਰਾਸ਼ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਪਲੇਆਫ ਵਿੱਚ ਜਗ੍ਹਾ ਨਾ ਬਣਾਉਣ ਦਾ ਪਹਿਲਾ ਕਾਰਨ ਦੱਸਿਆ।
ਧੋਨੀ ਨੇ ਮੁੰਬਈ ਖਿਲਾਫ ਮਿਲੀ ਹਾਰ ਤੋਂ ਬਾਅਦ ਕਿਹਾ, ‘ਇਹ ਬਹੁਤ ਦੁਖੀ ਕਰਦਾ ਹੈ। ਸਾਨੂੰ ਇਹ ਵੇਖਣ ਦੀ ਜ਼ਰੂਰਤ ਹੈ ਕਿ ਕੀ ਗਲਤ ਹੋਇਆ ਹੈ। ਇਹ ਸਾਲ ਸਾਡਾ ਸਾਲ ਨਹੀਂ ਸੀ। ਇਸ ਸਾਲ ਸਿਰਫ ਇੱਕ ਜਾਂ ਦੋ ਮੈਚਾਂ ਵਿੱਚ ਸਾਡੀ ਚੰਗੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਹੋਈ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ 10 ਵਿਕਟਾਂ ਨਾਲ ਜਾਂ 8 ਵਿਕਟਾਂ ਨਾਲ ਹਾਰ ਜਾਂਦੇ ਹੋ। ਮੈਨੂੰ ਲੱਗਦਾ ਹੈ ਕਿ ਦੂਜਾ ਮੈਚ ਪੂਰੀ ਤਰ੍ਹਾਂ ਗੇਂਦਬਾਜ਼ਾਂ ਦਾ ਸੀ। ਸਾਡੀ ਬੱਲੇਬਾਜ਼ੀ ਇਸ ਸਾਲ ਨਹੀਂ ਚੱਲੀ। ਰਾਇਡੂ ਜ਼ਖਮੀ ਹੋ ਗਏ ਅਤੇ ਬਾਕੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਜਿਸ ਕਾਰਨ ਬੱਲੇਬਾਜ਼ੀ ਕ੍ਰਮ ‘ਤੇ ਦਬਾਅ ਵਧਦਾ ਗਿਆ । ਜਦੋਂ ਸਲਾਮੀ ਬੱਲੇਬਾਜ਼ ਚੰਗੀ ਸ਼ੁਰੂਆਤ ਦੇਣ ਵਿੱਚ ਅਸਫਲ ਰਹਿੰਦੇ ਹਨ ਤਾਂ ਮਿਡਲ ਆਰਡਰ ਦੇ ਬੱਲੇਬਾਜ਼ਾਂ ‘ਤੇ ਬਹੁਤ ਦਬਾਅ ਹੁੰਦਾ ਹੈ। ਕ੍ਰਿਕਟ ਵਿੱਚ ਜਦੋਂ ਤੁਸੀਂ ਇੱਕ ਮੁਸ਼ਕਿਲ ਪੜਾਅ ਵਿੱਚੋਂ ਲੰਘ ਰਹੇ ਹੋ, ਤਾਂ ਤੁਹਾਨੂੰ ਕਿਸਮਤ ਦੀ ਜ਼ਰੂਰਤ ਵੀ ਹੈ, ਪਰ ਇਸ ਟੂਰਨਾਮੈਂਟ ਵਿੱਚ ਸਾਡੇ ਹੱਕ ਵਿੱਚ ਕੁਝ ਵੀ ਨਹੀਂ ਸੀ।
ਦੱਸ ਦੇਈਏ ਕਿ ਸ਼ਾਰਜਾਹ ਵਿੱਚ ਖੇਡੇ ਗਏ ਇਸ ਮੈਚ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇੱਨਈ ਦੀ ਬੁਰੀ ਸ਼ੁਰੂਆਤ ਹੋਈ ਅਤੇ ਜਦੋਂ ਪਾਵਰਪਲੇ ਖਤਮ ਹੋਈ ਤਾਂ CSK ਦੀ ਅੱਧੀ ਟੀਮ ਪਵੇਲੀਅਨ ਵਾਪਸ ਪਰਤ ਗਈ । ਟੀਮ ਵੱਲੋਂ ਸੈਮ ਕੁਰਨ ਨੇ 52 ਦੌੜਾਂ ਦੀ ਪਾਰੀ ਖੇਡਦਿਆਂ ਚੇੱਨਈ ਨੂੰ 20 ਓਵਰਾਂ ਵਿੱਚ 114 ਦੌੜਾਂ ਦੇ ਸਕੋਰ ‘ਤੱਕ ਪਹੁੰਚਾਇਆ । ਮੁੰਬਈ ਵੱਲੋਂ ਟਰੈਂਟ ਬੋਲਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਵਿਕਟਾਂ ਲਈਆਂ । 115 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਨੇ ਇਸ਼ਾਨ ਕਿਸ਼ਨ ਨਾਬਾਦ 68) ਅਤੇ ਕੁਇੰਟਨ ਡਿਕੌਕ (ਨਾਬਾਦ 46) ਦੀ ਮਦਦ ਨਾਲ ਬਿਨ੍ਹਾਂ ਕਿਸੇ ਵਿਕਟ ਗਵਾਏ ਮੈਚ ਜਿੱਤਣ ਵਿੱਚ ਸਫਲਤਾ ਹਾਸਿਲ ਕੀਤੀ।