ludhiana pollution double cases dussehra: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ‘ਚ ਪ੍ਰਦੂਸ਼ਣ ਦੇ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸੂਬੇ ‘ਚ ਦੁਸ਼ਹਿਰੇ ਦੇ ਤਿਉਹਾਰ ‘ਤੇ ਪ੍ਰਦੂਸ਼ਣ ਦਾ ਪੱਧਰ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਜਿਆਦਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਐਤਵਾਰ ਨੂੰ ਜ਼ਿਲ੍ਹੇ ਦਾ ਏਅਰ ਕੁਆਲਿਟੀ ਇੰਡੈਕਸ 280 ਦਰਜ ਕੀਤਾ ਗਿਆ ਹੈ, ਜੋ ਕਿ ਅਕਤੂਬਰ ਮਹੀਨੇ ‘ਚ ਹੁਣ ਤੱਕ ਦਾ ਸਭ ਤੋਂ ਜਿਆਦਾ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ‘ਚ ਐਤਵਾਰ ਨੂੰ 88 ਥਾਵਾਂ ‘ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ। ਜ਼ਿਲ੍ਹੇ ‘ਚ ਹੁਣ ਤੱਕ 410 ਥਾਵਾਂ ‘ਤੇ ਪਰਾਲੀ ਸਾੜੀ ਜਾ ਚੁੱਕੀ ਹੈ।
ਦੱਸਣਯੋਗ ਹੈ ਕਿ ਸਾਲ 2019 ‘ਚ ਦੁਸ਼ਹਿਰੇ ‘ਤੇ ਪ੍ਰਦੂਸ਼ਣ ਦਾ ਪੱਧਰ ਸੰਤੋਖਜਨਕ ਸ਼੍ਰੇਣੀ ‘ਚ ਸੀ, ਜੋ ਇਸ ਸਾਲ ਖਰਾਬ ਸ਼੍ਰੇਣੀ ‘ਚ ਪਹੁੰਚ ਗਿਆ ਹੈ। ਇਸ ਦੇ ਲਈ ਪਰਾਲੀ ਸਾੜਨ ਦੀਆਂ ਜਿਆਦਾ ਘਟਨਾਵਾਂ ਜ਼ਿੰਮੇਵਾਰ ਹਨ। ਇਸ ਵਾਰ ਦੁਸ਼ਹਿਰੇ ਦਾ ਤਿਉਹਾਰ ਪਿਛਲੇ ਸਾਲ ਦੇ ਮੁਕਾਬਲੇ 18 ਦਿਨ ਦੇਰੀ ਨਾਲ ਆਇਆ ਹੈ। ਇਸ ਲਈ ਵੀ ਪ੍ਰਦੂਸ਼ਣ ਦਾ ਪੱਧਰ ਜਿਆਦਾ ਪਾਇਆ ਗਿਆ ਹੈ। ਸਭ ਤੋਂ ਬੁਰੀ ਹਾਲਤ ਬਠਿੰਡਾ ਅਤੇ ਲੁਧਿਆਣਾ ਦੋ ਸ਼ਹਿਰਾਂ ਦੀ ਹੈ, ਜਿੱਥੇ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ।
ਪਰਾਲੀ ਸਾੜਨ ਦਾ ਅੰਕੜਾ 13 ਹਜ਼ਾਰ ਤੋਂ ਪਾਰ ਪਹੁੰਚਿਆ- ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲੇ ਵੀ ਇਸ ਸਾਲ ਦੁੱਗਣੇ ਤੋਂ ਜਿਆਦਾ ਹੋ ਗਏ ਹਨ। ਪਿਛਲੇ ਸਾਲ 24 ਅਕਤੂਬਰ ਨੂੰ ਪਰਾਲੀ ਸਾੜਨ ਦੀਆਂ 5510 ਘਟਨਾਵਾਂ ਦਰਜ ਕੀਤੀਆਂ ਗਈਆਂ ਸੀ ਪਰ ਇਸ ਸਾਲ 24 ਅਕਤੂਬਰ ਨੂੰ ਇਹ ਅੰਕੜਾ 12985 ਤੱਕ ਪਹੁੰਚ ਗਿਆ ਹੈ।