CSK vs KKR Match: ਨਵੀਂ ਦਿੱਲੀ: ਆਈਪੀਐਲ ਦੇ 49ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਇੱਕ ਰੋਮਾਂਚਕ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ । ਚੇੱਨਈ ਨੇ ਇਹ ਮੁਕਾਬਲਾ ਆਖਰੀ ਗੇਂਦ ‘ਤੇ 6 ਵਿਕਟਾਂ ਨਾਲ ਜਿੱਤ ਲਿਆ । ਜਡੇਜਾ ਨੇ ਆਖਰੀ ਗੇਂਦ ‘ਤੇ ਛੱਕਾ ਲਗਾ ਕੇ ਚੇੱਨਈ ਨੂੰ ਮੈਚ ਜਿਤਾਇਆ। ਕਮਲੇਸ਼ ਨਾਗਰਕੋਟੀ ਦੀਆਂ ਆਖਰੀ 2 ਗੇਂਦਾਂ ‘ਤੇ ਚੇੱਨਈ ਨੂੰ 7 ਦੌੜਾਂ ਦੀ ਲੋੜ ਸੀ ਅਤੇ ਜਡੇਜਾ ਨੇ ਲਗਾਤਾਰ 2 ਛੱਕੇ ਲਗਾ ਕੇ ਟੀਮ ਨੂੰ ਜਿੱਤ ਦਿਵਾਈ । ਕੋਲਕਾਤਾ ਨਾਈਟ ਰਾਈਡਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 172 ਦੌੜਾਂ ਬਣਾਈਆਂ । ਇਸ ਦੇ ਜਵਾਬ ਵਿੱਚ ਚੇੱਨਈ ਨੇ ਆਖਰੀ ਗੇਂਦ ‘ਤੇ ਜਿੱਤ ਹਾਸਿਲ ਕੀਤੀ । ਚੇੱਨਈ ਦੀ ਜਿੱਤ ਦੇ ਨਾਲ ਮੁੰਬਈ ਇੰਡੀਅਨਜ਼ ਨੇ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ ।
ਇਸ ਮੁਕਾਬਲੇ ਵਿੱਚ ਟਾਸ ਜਿੱਤ ਕੇ ਚੇੱਨਈ ਦੀ ਟੀਮ ਬਾਅਦ ਵਿੱਚ ਬੱਲੇਬਾਜ਼ੀ ਕਰਨ ਉਤਰੀ। ਟੀਚੇ ਦਾ ਪਿੱਛਾ ਕਰਨ ਉਤਰੀ ਚੇੱਨਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਇਸ ਮੁਕਾਬਲੇ ਵਿੱਚ ਸ਼ੇਨ ਵਾਟਸਨ 19 ਗੇਂਦਾਂ ਵਿੱਚ 14 ਦੌੜਾਂ ਹੀ ਬਣਾ ਸਕਿਆ । ਹਾਲਾਂਕਿ ਰਿਤੂਰਾਜ ਨੇ ਚੰਗੀ ਬੱਲੇਬਾਜ਼ੀ ਕਰਦਿਆਂ ਸ਼ੁਰੂਆਤੀ ਸਾਂਝੇਦਾਰੀ 50 ਦੌੜਾਂ ਤੱਕ ਪਹੁੰਚਾਈ । ਇਸ ਤੋਂ ਬਾਅਦ ਰਿਤੂਰਾਜ ਗਾਇਕਵਾੜ ਅਤੇ ਅੰਬਤੀ ਰਾਇਡੂ ਨੇ ਚੇੱਨਈ ਨੂੰ ਵਧੀਆ ਤਰੀਕੇ ਨਾਲ ਸੰਭਾਲਿਆ । ਦੋਵਾਂ ਨੇ ਤੇਜ਼ੀ ਨਾਲ 68 ਦੌੜਾਂ ਜੋੜੀਆਂ, ਇਸ ਦੌਰਾਨ ਗਾਇਕਵਾੜ ਨੇ 37 ਗੇਂਦਾਂ ਵਿੱਚ ਆਪਣਾ ਦੂਜਾ ਅਰਧ ਸੈਂਕੜਾ ਬਣਾਇਆ । ਰਾਇਡੂ ਨੇ ਵੀ 20 ਗੇਂਦਾਂ ਵਿੱਚ 38 ਦੌੜਾਂ ਬਣਾਈਆਂ । ਹਾਲਾਂਕਿ, 14ਵੇਂ ਅਤੇ 15ਵੇਂ ਓਵਰਾਂ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੱਡੀ ਸਫਲਤਾ ਮਿਲੀ । ਕਮਿੰਸ ਨੇ ਰਾਇਡੂ ਨੂੰ ਆਊਟ ਕੀਤਾ ਅਤੇ ਉਸ ਤੋਂ ਬਾਅਦ ਧੋਨੀ ਸਿਰਫ 1 ਦੌੜਾਂ ਬਣਾ ਕੇ ਵਰੁਣ ਚੱਕਰਵਰਤੀ ਦਾ ਸ਼ਿਕਾਰ ਬਣ ਗਏ । ਗਾਇਕਵਾੜ ਨੇ ਪੈਟ ਕਮਿੰਸ ਨੂੰ ਤੇਜ਼ ਬੱਲੇਬਾਜ਼ੀ ਦਾ ਸਾਹਮਣਾ ਕਰਦਿਆਂ ਆਪਣਾ ਵਿਕਟ ਦਿੱਤਾ, ਉਹ 72 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਚੇੱਨਈ ਦੀ ਟੀਮ ਹਾਰ ਵੱਲ ਜਾਂਦੀ ਹੋਈ ਦਿਖਾਈ ਦੇ ਰਹੀ ਸੀ, ਪਰ ਰਵਿੰਦਰ ਜਡੇਜਾ ਦੀ ਤੂਫਾਨੀ ਪਾਰੀ ਨੇ ਟੀਮ ਨੂੰ ਬਚਾਇਆ । ਉਨ੍ਹਾਂ ਨੇ 3 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 31 ਦੌੜਾਂ ਬਣਾ ਕੇ ਚੇੱਨਈ ਨੂੰ ਜਿੱਤ ਦਿਵਾਈ ।
ਉੱਥੇ ਹੀ ਦੂਜੇ ਪਾਸੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਨਾਈਟ ਰਾਈਡਰਜ਼ ਨੂੰ ਨਿਤੀਸ਼ ਰਾਣਾ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ । ਦੋਵਾਂ ਵਿਚਾਲੇ 53 ਦੌੜਾਂ ਦੀ ਸਾਂਝੇਦਾਰੀ ਹੋਈ। ਹਾਲਾਂਕਿ ਇਸ ਤੋਂ ਬਾਅਦ ਕੋਲਕਾਤਾ ਨੇ 8ਵੇਂ ਓਵਰ ਵਿੱਚ ਸ਼ੁਬਮਨ ਗਿੱਲ ਦਾ ਵਿਕਟ ਗਵਾ ਦਿੱਤਾ । ਗਿੱਲ 26 ਦੌੜਾਂ ਦੇ ਸਕੋਰ ‘ਤੇ ਕਰਨ ਸ਼ਰਮਾ ਨੂੰ ਆਪਣੀ ਵਿਕਟ ਦੇ ਬੈਠੇ। ਇਸ ਤੋਂ ਬਾਅਦ ਕੋਲਕਾਤਾ ਨੇ ਸੁਨੀਲ ਨਾਰਾਇਣ (7) ਅਤੇ ਰਿੰਕੂ ਸਿੰਘ (11) ਦੀਆਂ ਵਿਕਟਾਂ ਵੀ ਜਲਦੀ ਗੁਆ ਦਿੱਤੀਆਂ । ਹਾਲਾਂਕਿ ਸਲਾਮੀ ਬੱਲੇਬਾਜ਼ ਨਿਤੀਸ਼ ਰਾਣਾ ਕ੍ਰੀਜ਼ ‘ਤੇ ਬਣੇ ਰਹੇ ਅਤੇ ਉਨ੍ਹਾਂ ਨੇ 44 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ । ਨਿਤੀਸ਼ ਰਾਣਾ ਨੇ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਚੇੱਨਈ ਦੇ ਗੇਂਦਬਾਜ਼ਾਂ ‘ਤੇ ਹਮਲਾ ਕੀਤਾ ਅਤੇਕਰਨ ਸ਼ਰਮਾ ਦੇ ਉਸੇ ਓਵਰ ਵਿੱਚ ਲਗਾਤਾਰ 3 ਛੱਕੇ ਲਗਾਏ । ਜਦੋਂ ਨਿਤੀਸ਼ ਰਾਣਾ ਆਪਣੇ ਸੈਂਕੜੇ ਵੱਲ ਵੱਧ ਰਹੇ ਸਨ, ਤਾਂ ਉਸਨੂੰ ਲੂੰਗੀ ਐਂਜੀਡੀ ਨੇ ਪੇਵਿਲੀਅਨ ਦਾ ਰਸਤਾ ਦਿਖਾ ਦਿੱਤਾ। ਦਿਨੇਸ਼ ਕਾਰਤਿਕ ਨੇ ਆਖ਼ਰੀ ਓਵਰ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ । ਕਾਰਤਿਕ ਨੇ ਸਿਰਫ 10 ਗੇਂਦਾਂ ਵਿੱਚ 21 ਦੌੜਾਂ ਬਣਾਈਆਂ ਅਤੇ ਟੀਮ ਨੂੰ 172 ਦੌੜਾਂ ’ਤੇ ਪਹੁੰਚਾਇਆ ।