filed case married woman suicide: ਲੁਧਿਆਣਾ (ਤਰਸੇਮ ਭਾਰਦਵਾਜ)- ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਬਲੀਏਵਾਲ ‘ਚ ਇਕ ਵਿਆਹੁਤਾ ਵਲੋਂ ਪੁਲਿਸ ਥਾਣਾ ‘ਚ ਰਾਜ਼ੀਨਾਮੇ ਦੌਰਾਨ ਬੇਇੱਜ਼ਤ ਕਰਨ ’ਤੇ ਆਪਣੇ ਘਰ ਆ ਕੇ ਆਤਮ-ਹੱਤਿਆ ਕਰ ਲਈ ਸੀ। ਅੱਜ ਉਸਦੀ ਇੱਕ ਵੀਡੀਓ ਵਾਈਰਲ ਹੋਈ, ਜਿਸ ’ਚ ਉਸਨੇ ਜ਼ਲੀਲ ਕਰਨ ਵਾਲੇ ਵਿਅਕਤੀਆਂ ਦੇ ਨਾਂ ਲਏ। ਮ੍ਰਿਤਕ ਔਰਤ ਵਿਜੈ ਕੌਰ ਵਲੋਂ ਖੁਦਕੁਸ਼ੀ ਤੋਂ ਪਹਿਲਾਂ ਵੀਡੀਓ ’ਚ ਦੋਸ਼ ਲਗਾਇਆ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਪਿੰਡ ਦਾ ਸਰਪੰਚ, ਪੰਚਾਇਤ ਸਕੱਤਰ, ਪੰਚਾਇਤ ਮੈਂਬਰ ਅਤੇ ਹੋਰ 6 ਵਿਅਕਤੀਆਂ ਦੇ ਨਾਂ ਲਏ। ਉਸਨੇ ਕਿਹਾ ਕਿ ਇਨ੍ਹਾਂ ਸਾਰੇ ਵਿਅਕਤੀਆਂ ਨੇ ਮੰਦਰ ਦੀ ਜ਼ਮੀਨ ਲੈਣ ਮੌਕੇ ਮੇਰੇ ਬਾਰੇ ਕਾਫੀ ਗੱਲਾਂ ਕੀਤੀਆਂ, ਜਿਸ ਕਾਰਨ ਇਹ ਸਾਰੇ ਹੀ ਲੋਕ ਮੇਰੀ ਮੌਤ ਲਈ ਜਿੰਮੇਵਾਰ ਹਨ।
ਦੂਸਰੇ ਪਾਸੇ ਮ੍ਰਿਤਕਾ ਦੇ ਪਤੀ ਗੁਰਪ੍ਰੀਤ ਸਿੰਘ ਨੇ ਕੂੰਮਕਲਾਂ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦੇ ਘਰ ਨੇੜ੍ਹੇ ਹੀ 5 ਮਰਲੇ ਪੰਚਾਇਤੀ ਜ਼ਮੀਨ ’ਤੇ ਉਨ੍ਹਾਂ ਦਾ ਕਬਜ਼ਾ ਹੈ, ਜਿੱਥੇ ਉਹ ਪਸ਼ੂ ਬੰਨ੍ਹਦੇ ਸੀ। ਕੁਝ ਲੋਕਾਂ ਵਲੋਂ ਇੱਥੇ ਮੰਦਰ ਬਣਾਉਣ ਦਾ ਫੈਸਲਾ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੇ 5 ਮਰਲੇ ਜਗ੍ਹਾ ’ਤੇ ਚਾਰਦਿਵਾਰੀ ਕਰਨੀ ਸ਼ੁਰੂ ਕਰ ਦਿੱਤੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਪਰਿਵਾਰ ਵਲੋਂ ਇਸ ਦਾ ਵਿਰੋਧ ਕੀਤਾ ਗਿਆ, ਜਿਸ ’ਤੇ ਪੰਚਾਇਤ ਸਕੱਤਰ, ਸਰਪੰਚ ਅਤੇ ਪੰਚਾਇਤ ਮੈਂਬਰ ਉਨ੍ਹਾਂ ਨੂੰ ਧਮਕੀਆਂ ਦੇ ਕੇ ਚਲੇ ਗਏ ਅਤੇ ਉਨ੍ਹਾਂ ਖਿਲਾਫ਼ ਕੂੰਮਕਲਾਂ ਥਾਣਾ ’ਚ ਆ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ। ਗੁਰਪ੍ਰੀਤ ਸਿੰਘ ਅਨੁਸਾਰ ਥਾਣੇ ’ਚ ਉਸਦੀ ਪਤਨੀ ਤੋਂ ਮੁਆਫ਼ੀ ਮੰਗਵਾਈ ਗਈ ਅਤੇ ਜਦੋਂ ਉਹ ਘਰ ਵਾਪਸ ਆਏ ਤਾਂ ਗਲੀ ’ਚ ਰਹਿੰਦੇ ਵਿਅਕਤੀ ਪੋਲਾ, ਭੋਲਾ, ਨਿੰਮਾ, ਪੀਤ, ਭੋਲੇ ਦੀ ਪਤਨੀ, ਬਿੰਦਾ ਸਾਰੇ ਨੇ ਮੇਰੀ ਪਤਨੀ ਨੂੰ ਤਾਹਨੇ ਮਾਰੇ, ਜਿਸ ਕਾਰਨ ਉਸਦੀ ਪਤਨੀ ਵਿਜੈ ਕੌਰ ਇਹ ਬੇਇਜ਼ਤੀ ਸਹਾਰ ਨਾ ਸਕੀ ਅਤੇ ਉਸਨੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਕੂੰਮਕਲਾਂ ਪੁਲਿਸ ਵਲੋਂ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਪੀੜ੍ਹਤਾ ਦੇ ਪਰਿਵਾਰ ਵੱਲੋਂ ਜਲਦੀ ਤੋਂ ਜਲਦੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਧਰਨਾ ਲਾਇਆ ਗਿਆ ਅਤੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਦਵਿੰਦਰ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਪੁਲਿਸ ਵਲੋਂ 8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਜੇਕਰ ਇਸ ਮਾਮਲੇ ’ਚ ਕੋਈ ਹੋਰ ਵੀ ਦੋਸ਼ੀ ਹੋਵੇਗਾ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।