Woman money fraud fake NRI: ਲੁਧਿਆਣਾ (ਤਰਸੇਮ ਭਾਰਦਵਾਜ)- ਹੁਣ ਲੁਟੇਰਿਆਂ ਨੇ ਲੋਕਾਂ ਨੂੰ ਆਨਲਾਈਨ ਵੈੱਬਸਾਈਟਾਂ ਰਾਹੀਂ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਅਜਿਹਾ ਹੀ ਮਾਮਲਾ ਹੁਣ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਤੋਂ ਇਕ ਨਕਲੀ ਐੱਨ.ਆਰ.ਆਈ. ਨੇ ਵਿਆਹ ਦਾ ਝਾਂਸਾ ਦੇ ਕੇ ਉਸ ਤੋਂ ਸਾਢੇ 5 ਲੱਖ ਰੁਪਏ ਠੱਗ ਲਏ। ਇਸ ਤੋਂ ਬਾਅਦ ਪੀੜਤਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਜਿਸ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ। ਮੁਲਜ਼ਮਾਂ ਦੀ ਪਛਾਣ ਦੇਵ ਕੁਮਾਰ, ਸੁਨੀਤਾ, ਚਵਨਗਮਿਗ ਥਾਂਗਾ ਵਾਸੀ ਮਿਜ਼ੋਰਮ, ਮੁਹੰਮਦ ਆਸਿਮ ਵਾਸੀ ਗੁੜਗਾਉਂ ,ਆਸ਼ਾ ਵਾਸੀ ਉੱਤਰ ਪ੍ਰਦੇਸ਼ ਕਾਨਪੁਰ, ਮੁਹੰਮਦ ਅਲਾਊਦੀਨ ਵਾਸੀ ਦਿੱਲੀ ਦੇ ਨਾਂ ਨਾਲ ਹੋਈ, ਜਿਨ੍ਹਾਂ ‘ਤੇ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੀੜਤਾਂ ਨੇ ਦੱਸਿਆ ਕਿ ਉਸ ਦੀ ਸ਼ਾਦੀ ਡੌਟ ਕੌਮ ‘ਤੇ ਆਈ.ਡੀ. ਬਣੀ ਹੋਈ ਹੈ। ਉਕਤ ਮੁਲਜ਼ਮ ਦੇਵ ਕੁਮਾਰ ਨੇ ਉਸ ਦਾ ਮੋਬਾਇਲ ਨੰਬਰ ਆਈ.ਡੀ. ਤੋਂ ਲੈ ਲਿਆ ਤੇ ਉਸ ਨਾਲ ਗੱਲਬਾਤ ਕਰਨ ਲੱਗ ਪਿਆ। ਮੁਲਜ਼ਮ ਨੇ ਆਪਣੇ ਬਾਰੇ ਦੱਸਿਆ ਕਿ ਉਸ ਦਾ ਨਾਂ ਦੇਵ ਕੁਮਾਰ ਹੈ ਅਤੇ ਯੂ.ਕੇ. ਦਾ ਵਸਨੀਕ ਹੈ। ਇੰਨਾ ਹੀ ਨਹੀ ਮੁਲਜ਼ਮ ਨੇ ਖੁਦ ਪਹਿਲਾ ਉਸ ਔਰਤ ਨਾਲ ਵਿਆਹ ਕਰਵਾਉਣ ਦੀ ਪੇਸ਼ਕਸ਼ ਕੀਤੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਹ ਲੁਧਿਆਣਾ ‘ਚ ਹੀ ਰਹੇਗਾ। ਦੇਵ ਕੁਮਾਰ ਨੇ ਉਕਤ ਔਰਤ ਨੂੰ ਯੂ.ਕੇ. ਤੋਂ ਕੋਰੀਅਰ ਭੇਜਣ ਬਾਰੇ ਦੱਸਿਆ ਪਰ ਜਦੋਂ ਔਰਤ ਨੂੰ ਪਾਰਸਲ ਮਿਲਿਆ ਤਾਂ ਉਸ ‘ਚ 90 ਹਜ਼ਾਰ ਪਾਉਂਡ ਮਿਲੇ, ਜਿਨ੍ਹਾਂ ਨੂੰ ਲੈਣ ਵਾਸਤੇ ਕਸਟਮ ਦੇ ਪੈਸੇ ਦੇਣੇ ਸੀ। ਔਰਤ ਨੇ ਉਸ ਦੀਆਂ ਗੱਲਾਂ ‘ਚ ਆ ਕੇ ਕਸਟਮ ਦੇ ਪੈਸੇ ਜਿਸ ਦੀ ਰਕਮ 5,50,000 ਰੁਪਏ ਸੀ, ਮੁਲਜ਼ਮ ਦੇ ਬੈਂਕ ਖਾਤੇ ‘ਚ ਜਮ੍ਹਾ ਕਰਵਾ ਦਿੱਤੇ ਪਰ ਜਦੋਂ ਬਾਅਦ ‘ਚ ਉਸ ਨੂੰ ਸ਼ੱਕ ਹੋਇਆ ਉਸ ਨੇ ਜਾਂਚ ਕੀਤੀ ਤੇ ਪਤਾ ਲੱਗਾ ਕਿ ਇਹ ਸਾਰੇ ਪੈਸੇ ਦਿੱਲੀ ਦੇ ਇੱਕ ਏ.ਟੀ.ਐਮ ਬੂਥ ‘ਚੋਂ ਕਢਵਾਏ ਗਏ ਸਨ। ਜਦੋਂ ਉਕਤ ਔਰਤ ਨੇ ਉਸ ਧੋਖੇਬਾਜ਼ ਨਾਲ ਦੁਬਾਰਾ ਸੰਪਰਕ ਕਰਨਾ ਚਾਹਿਆ ਕੋਈ ਗੱਲ ਨਹੀਂ ,ਜਿਸ ਉਪਰੰਤ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਹੈ।