Building contractor murdered : ਜਲੰਧਰ ਵਿੱਚ ਗੜ੍ਹਾ ਇਲਾਕੇ ‘ਤੇ ਇੱਕ ਬਿਲਡਿੰਗ ਠੇਕੇਦਾਰ ਦਾ ਕਤਲ ਕਰ ਦਿੱਤਾ ਗਿਆ। ਠੇਕੇਦਾਰ ਦੇ ਸਿਰ ਵਿੱਚ ਡੂੰਘੀਆਂ ਸੱਟਾਂ ਲੱਗੀਆਂ ਸਨ। ਪੁਲਿਸ ਨੇ ਇਸ ਮਾਮਲੇ ਨੂੰ ਕਤਲ ਦੇ ਕੁਝ ਹੀ ਘੰਟਿਆਂ ਬਾਅਦ ਸੁਲਝਾ ਲਿਆ ਅਤੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਮ੍ਰਿਤਕ ਦੇ ਦੂਰ ਦੇ ਰਿਸ਼ਤੇਦਾਰ 23 ਸਾਲਾ ਇਰਫਾਨ, ਜੋ ਕਿ ਬਿਹਾਰ ਦੇ ਬਤੀਆ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਨੇ ਹਨੀਫ਼ ਅੰਸਾਰੀ ਦੇ ਸਿਰ ‘ਤੇ ਹਥੌੜੇ ਮਾਰ ਕੇ ਉਸਦਾ ਕਤਲ ਕਰ ਦਿੱਤਾ ਸੀ। ਇਰਫਾਨ ਹਨੀਫ ਦੇ ਕੋਲ ਹੀ ਮਜ਼ਦੂਰ ਦੇ ਤੌਰ ‘ਤੇ ਕੰਮ ਕਰਦਾ ਸੀ ਅਤੇ ਦੋਵਾਂ ਵਿਚਕਾਰ ਪੈਸਿਆਂ ਨੂੰ ਲੈ ਕੇ ਕੋਈ ਝਗੜਾ ਚੱਲ ਰਿਹਾ ਸੀ।
ਇਸੇ ਝਗੜੇ ਦੇ ਚੱਲਦਿਆਂ ਇਰਫਾਨ ਨੇ ਆਪਣੇ ਦੂਰ ਦੇ ਚਾਚਾ ਹਨੀਫ਼ ਅੰਸਾਰੀ ਦਾ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਕਤਲ ਵਿੱਚ ਵਰਤਿਆ ਗਿਆ ਹਥਿਆਰ (ਹਥੌੜਾ) ਬਰਾਮਦ ਕਰ ਲਿਆ ਹੈ ਅਤੇ ਨਾਲ ਹੀ ਮ੍ਰਿਤਕ ਹਨੀਫ਼ ਅੰਸਾਰੀ ਦਾ ਮੋਬਾਇਲ ਵੀ ਬਰਾਮਦ ਕੀਤਾ ਹੈ, ਜੋ ਕਿ ਮੁਲਜ਼ਮ ਨੇ ਕਤਲ ਤੋਂ ਬਾਅਦ ਚੁੱਕ ਲਿਆ ਸੀ। ਇਸ ਦੀ ਜਾਣਕਾਰੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਿੱਤੀ।
ਦੱਸਣਯੋਗ ਹੈ ਕਿ 40 ਸਾਲਾ ਹਨੀਫ, ਜੋ ਕਿ ਕੈਂਟ ਰੋਡ, ਜਲੰਧਰ ਦੇ ਗਰਾਹਾ ਖੇਤਰ ਵਿਚ ਰਹਿੰਦਾ ਸੀ ਅਤੇ ਬਿਲਡਿੰਗ ਤੋੜਨ ਅਤੇ ਉਸਾਰੀ ਦਾ ਠੇਕਾ ਲੈਂਦਾ ਸੀ। ਅੱਜ ਸ਼ਨੀਵਾਰ ਸਵੇਰੇ ਉਸ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਕਮਰੇ ਵਿੱਚ ਪਾਈ ਗਈ। ਜਦੋਂ ਹਨੀਫ ਆਪਣੇ ਕਮਰੇ ਵਿਚੋਂ ਬਾਹਰ ਨਹੀਂ ਆਇਆ, ਤਾਂ ਦੁਪਹਿਰ ਨੂੰ ਉਸ ਦਾ ਭਤੀਜਾ ਉਸ ਨੂੰ ਬੁਲਾਉਣ ਗਿਆ, ਉਦੋਂ ਉਸ ਦੀ ਲਹੂ ਨਾਲ ਲਥਪਥ ਲਾਸ਼ ਕਮਰੇ ਦੇ ਬਿਸਤਰੇ ‘ਤੇ ਪਈ ਮਿਲੀ, ਜਿਸ ’ਤੇ ਉਸ ਨੇ ਆਲੇ- ਦੁਆਲੇ ਦੇ ਲੋਕਾਂ ਨੂੰ ਬੁਲਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਭਾਰੀ ਵਸਤੂ ਨਾਲ ਹਮਲਾ ਕਰਨ ਨਾਲ ਉਸ ਦੀ ਮੌਤ ਹੋਈ ਸੀ। ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਇਸ ਗੁੱਥੀ ਨੂੰ ਸੁਲਝਾ ਲਿਆ।