Elder brother shot dead : ਜਲੰਧਰ ਵਿੱਚ ਇੱਕ ਕਤਲ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਭਰਾ ਨੇ ਪ੍ਰਾਪਰਟੀ ਨੂੰ ਲੈ ਕੇ ਆਪਣੇ ਵੱਡੇ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਸ਼ਹਿਰ ਦੇ ਕਾਲਾ ਸਿੰਘਾ ਰੋਡ ਦੀ ਹੈ। ਮੁਲਜ਼ਮ ਘਟਨਾ ਤੋਂ ਬਾਅਦ ਫਰਾਰ ਹੈ। ਇਸ ਦੇ ਨਾਲ ਹੀ ਉਸ ਦੇ ਜ਼ਖਮੀ ਭਰਾ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 47 ਸਾਲਾ ਜਸਵਿੰਦਰ ਸਿੰਘ ਵਜੋਂ ਹੋਈ, ਜਦਕਿ ਗੋਲੀ ਮਾਰਨ ਵਾਲੇ ਛੋਟੇ ਭਰਾ ਦੀ ਪਛਾਣ 40 ਸਾਲਾ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਦੁਪਹਿਰ ਵੇਲੇ ਖਾਣਾ ਖਾਣ ਸਮੇਂ ਕਾਲਾ ਸੰਘਿਆ ਰੋਡ ‘ਤੇ ਪਲਾਈਵੁੱਡ ਫੈਕਟਰੀ ਦੇ ਮਾਲਕ ਦੋ ਭਰਾਵਾਂ ਵਪਿੱਚ ਜਾਇਦਾਦ ਨੂੰ ਲੈ ਕੇ ਝਗੜਾ ਹੋ ਗਿਆ ਜੋਕਿ ਕਾਫੀ ਵੱਧ ਗਿਆ। ਇਸ ਦੌਰਾਨ ਛੋਟੇ ਭਰਾ ਨੇ ਪਿਤਾ ਦੇ ਲਾਇਸੈਂਸ ਰਿਵਾਲਵਰ ਨਾਲ ਵੱਡੇ ਭਰਾ ਨੂੰ ਗੋਲੀ ਮਾਰ ਦਿੱਤੀ। ਬਾਅਦ ਵਿਚ ਉਸ ਦੀ ਮੌਤ ਹੋ ਗਈ।
ਦੋਵਾਂ ਵਿਚਾਲੇ ਕਾਫ਼ੀ ਸਮੇਂ ਤੋਂ ਜਾਇਦਾਦ ਦਾ ਵਿਵਾਦ ਚੱਲ ਰਿਹਾ ਸੀ। ਫੈਕਟਰੀ ਦੇ ਨਾਲ ਹੀ ਉਨ੍ਹਾਂ ਦਾ ਮਕਾਨ ਵੀ ਸੀ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਗੁਰਵਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਸੀ, ਜਿਸ ਮਗਰੋਂ ਦੋਹਾਂ ਭਰਾਵਾਂ ਵਿੱਚ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਦੁਪਹਿਰ ਵੇਲੇ ਜਦੋਂ ਦੋਵੇਂ ਭਰਾ ਰੋਟੀ ਖਾਣ ਬੈਠੇ ਤਾਂ ਜਾਇਦਾਦ ਬਾਰੇ ਬਹਿਸ ਹੋ ਗਈ। ਗੱਲਬਾਤ ਵਿਚ ਵਿਵਾਦ ਹਿੰਸਕ ਹੋ ਗਿਆ। ਛੋਟਾ ਭਰਾ ਅਮ੍ਰਿਤਪਾਲ ਆਪਣੇ ਪਿਤਾ ਦੇ ਕਮਰੇ ਵੱਲ ਭੱਜਿਆ ਅਤੇ ਅਲਮਾਰੀ ਨੂੰ ਤੋੜ ਕੇ ਅੰਦਰੋਂ ਆਪਣੇ ਪਿਤਾ ਦਾ ਲਾਇਸੈਂਸ ਰਿਵਾਲਵਰ ਚੁੱਕ ਲਿਆਇਆ ਅਤੇ ਜਸਵਿੰਦਰ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਇਕ ਆਟੋ ਵਿਚ ਸਵਾਰ ਹੋ ਕੇ ਭੱਜ ਗਿਆ। ਜਸਵਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਸੀ ਜਦੋਂ ਉਸਨੂੰ ਹਸਪਤਾਲ ਲਿਆਂਦਾ ਗਿਆ। ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਦੀ ਪਤਨੀ ਨੂੰ ਵੀ ਗੋਲੀ ਲੱਗੀ ਹੈ ਅਤੇ ਉਹ ਹਸਪਤਾਲ ਵਿਚ ਦਾਖਲ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਦੇ ਦੋ ਬੱਚੇ ਛੱਡ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।