ਚੰਡੀਗੜ੍ਹ : ਉਦਯੋਗ ਲਈ ਬਿਜਲੀ ਦੀ ਘਾਟ ਬਾਰੇ ਵਿਰੋਧੀ ਨੇਤਾਵਾਂ ਦੇ ਬਿਆਨਾਂ ਨੂੰ ‘ਬੇਬੁਨਿਆਦ’ ਕਰਾਰ ਦਿੰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਰਾਜ ਸਰਕਾਰ ਨੇ ਉਦਯੋਗਾਂ ਲਈ ਢੁਕਵਾਂ ਵਾਤਾਵਰਣ ਯਕੀਨੀ ਬਣਾਇਆ ਹੈ ਅਤੇ ਰਾਜ ਵਿੱਚ ਬਿਜਲੀ ਦਾ ਸੰਕਟ ਬਿਲਕੁਲ ਨਹੀਂ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸਨਅਤੀ ਨੀਤੀ ਦੇਸ਼ ਵਿੱਚ ਸਰਬੋਤਮ ਹੈ ਜਿਸ ਕਾਰਨ ਪਿਛਲੇ ਚਾਰ ਸਾਲਾਂ ਵਿੱਚ ਰਾਜ ਵਿੱਚ 91000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਲਈ ਪੰਜਾਬ ਇਕ ਮਨਪਸੰਦ ਮੰਜ਼ਿਲ ਹੈ ਅਤੇ 2,900 ਨਿਵੇਸ਼ ਪ੍ਰਸਤਾਵਾਂ ਵਿਚੋਂ 51 ਪ੍ਰਤੀਸ਼ਤ ਪਹਿਲਾਂ ਹੀ ਆਪਣੇ ਕਾਰੋਬਾਰ ਸ਼ੁਰੂ ਕਰ ਚੁੱਕੇ ਹਨ, ਜਿਨ੍ਹਾਂ ਵਿਚ 20 ਵਿਦੇਸ਼ੀ ਫਰਮਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਚਾਰ ਨਕਾਬਪੋਸ਼ਾਂ ਨੇ 2 ਸਾਲ ਦੇ ਬੱਚੇ ਨੂੰ ਬਣਾਇਆ ਬੰਧਕ, ਰਿਟਾਇਰਡ ਟੀਚਰ ਦੇ ਘਰੋਂ 18 ਲੱਖ ਰੁਪਏ ਤੇ ਗਹਿਣੇ ਲੈ ਕੇ ਹੋਏ ਫਰਾਰ
ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਹੇਠ ਸਰਕਾਰ ਇਕ ਛੱਤ ਹੇਠਲੇ ਸਾਰੇ ਮਸਲਿਆਂ ਦੇ ਹੱਲ ਨੂੰ ਯਕੀਨੀ ਬਣਾਉਣ ਲਈ ਰਾਈਟ ਟੂ ਬਿਜ਼ਨਸ ਐਕਟ ਅਤੇ ਸਿੰਗਲ ਵਿੰਡੋ ਪ੍ਰਣਾਲੀ ਲੈ ਕੇ ਆਈ ਹੈ ਜਿਸ ਨਾਲ ਕਾਰੋਬਾਰ ਕਰਨ ਵਿਚ ਅਸਾਨੀ ਹੁੰਦੀ ਹੈ ਅਤੇ ਉਦਯੋਗਪਤੀਆਂ ਦੇ ਕੀਮਤੀ ਸਮੇਂ ਦੀ ਬਚਤ ਹੋਵੇਗੀ। ਅਰੋੜਾ ਨੇ ਦੱਸਿਆ ਕਿ ਰਾਜ ਸਰਕਾਰ 24 ਘੰਟੇ ਦੀ ਸਪਲਾਈ ਦੇ ਨਾਲ ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾ ਰਹੀ ਹੈ ਅਤੇ ਸਾਲ 2018-2021 ਤੱਕ ਉਦਯੋਗ ਨੂੰ 3669 ਕਰੋੜ ਰੁਪਏ ਦੀ ਸਬਸਿਡੀ ਦੇ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕੋਲ ਹੁਨਰਮੰਦ ਕਰਮਚਾਰੀ ਦੀ ਕਾਫ਼ੀ ਗਿਣਤੀ ਹੈ ਅਤੇ ਉਦਯੋਗ ਹੁਨਰਮੰਦ ਕਾਮਿਆਂ ਤੋਂ ਬਿਨਾਂ ਨਹੀਂ ਚੱਲ ਸਕਦਾ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਪੰਜਾਬ ਵਿਚ ਬਿਜਲੀ ਦੀ ਘਾਟ ਬਾਰੇ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਬਿਆਨ ਨੂੰ ਨਕਾਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਢੁਕਵੇਂ ਤੱਥ ਜਾਣੇ ਬਿਨਾਂ ਬਿਆਨ ਦੇਣ ਵਿਚ ਹਮੇਸ਼ਾਂ ਜਲਦਬਾਜ਼ੀ ਵਿਚ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਜ਼ਿਲ੍ਹੇ ਬਾਰੇ ਯੂਪੀ ਦੇ ਮੁੱਖ ਮੰਤਰੀ ਦੀਆਂ ਪਹਿਲੀਆਂ ਟਿੱਪਣੀਆਂ ਦੀ ਵੀ ਅਲੋਚਨਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਜਿਨ੍ਹਾਂ ਨੇ ਪੰਜਾਬ ਵਿਰੋਧੀ ਫੈਸਲੇ ਲਏ ਸਨ, ਉਨ੍ਹਾਂ ਨੂੰ ਬਿਜਲੀ ਖੇਤਰ ਬਾਰੇ ਕੋਈ ਬਿਆਨ ਦੇਣ ਦਾ ਅਧਿਕਾਰ ਨਹੀਂ ਹੈ।
ਇਹ ਵੀ ਪੜ੍ਹੋ : ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕਾਂਗਰਸ ਪਾਰਟੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ: ਮਨੀਸ਼ ਤਿਵਾੜੀ