ਅਜਨਾਲਾ: ਕਤਲ ਅਤੇ ਫਿਰੌਤੀ ਦੇ ਦਰਜਨਾਂ ਮਾਮਲਿਆਂ ਵਿਚ ਲੋੜੀਂਦਾ ਮਸ਼ਹੂਰ ਗੈਂਗਸਟਰ ਪ੍ਰੀਤ ਸੇਖੋਂ ਨੂੰ 5 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਅੱਜ ਭਾਰੀ ਪੁਲਿਸ ਫੋਰਸ ਪ੍ਰੀਤ ਸੇਖੋਂ ਨੂੰ ਅਜਨਾਲਾ ਦੀ ਅਦਾਲਤ ਵਿਚ ਲੈ ਗਈ, ਜਿਸ ਤੋਂ ਬਾਅਦ ਇਹ ਫੈਸਲਾ ਆਇਆ ਹੈ। ਦੱਸ ਦੇਈਏ ਕਿ ਮੰਗਲਵਾਰ ਦੀ ਸ਼ਾਮ ਨੂੰ ਪ੍ਰੀਤ ਸੇਖੋਂ ਨੂੰ ਉਸਦੇ ਸਾਥੀਆਂ ਸਮੇਤ ਅਜਨਾਲਾ ਦੇ ਪਿੰਡ ਚਮਿਆਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰ ਪ੍ਰੀਤ ਸੇਖੋਂ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਅਤੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਦੇ ਏਆਈਜੀ ਗੁਰਮੀਤ ਚੌਹਾਨ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਪ੍ਰੀਤ ਸੇਖੋਂ ਆਪਣੇ ਰਿਸ਼ਤੇਦਾਰ ਮਹਿੰਦਰ ਸਿੰਘ ਦੇ ਘਰ ਲੁਕਿਆ ਹੋਇਆ ਸੀ। ਇਸ ਜਾਣਕਾਰੀ ਦੇ ਅਧਾਰ ‘ਤੇ ਪੁਲਿਸ ਮੁਲਾਜ਼ਮਾਂ ਨੇ ਚਮਿਆਰੀ ਪਿੰਡ ਨੂੰ ਚਾਰੇ ਪਾਸਿਓਂ ਘੇਰ ਲਿਆ।
ਤਕਰੀਬਨ 15 ਮਿੰਟ ਤਕ ਦੋਸ਼ੀ ਗੈਂਗਸਟਰ ਪ੍ਰੀਤ ਸੇਖੋਂ, ਉਸਦੇ ਸਾਥੀ ਗੁਰਲਾਲ ਸਿੰਘ ਅਤੇ ਨਿੱਕਾ ਖਡੂਰ ਸਭਿਆ ਸਮੇਤ ਮਕਾਨ ਦੀ ਛੱਤ ਤੇ ਪੁਲਿਸ ਦੇ ਸਾਮ੍ਹਣੇ ਖੜੇ ਰਹੇ। ਬਾਅਦ ਵਿਚ ਉਨ੍ਹਾਂ ਨੇ ਆਪਣੇ ਫੋਨ ਤੋਂ ਤੁਰੰਤ ਆਤਮ ਸਮਰਪਣ ਕਰਨ ਲਈ ਇੱਕ ਪੋਸਟ ਪਾ ਦਿੱਤੀ ਤੇ ਫਿਰ ਉਸਨੇ ਆਤਮ ਸਮਰਪਣ ਕਰ ਦਿੱਤਾ।
ਇਹ ਵੀ ਪੜ੍ਹੋ : ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ DSP ਨੇ ਕਰਵਾਇਆ ਪ੍ਰੀਤ ਸੇਖੋਂ ਦਾ ਸਰੇਂਡਰ, ਆਤਮ-ਸਮਰਪਣ ਤੋਂ ਪਹਿਲਾਂ ਡਰ ਗਿਆ ਸੀ ਗੈਂਗਸਟਰ