ਪੰਜਾਬ ਦੇ 13 ਜਿਲ੍ਹਿਆਂ ਤੇ ਚੰਡੀਗੜ੍ਹ ਵਿਚ ਜ਼ਿਲੇਦਾਰ ਤੇ ਪਟਵਾਰੀਆਂ ਦੀ ਭਰਤੀ ਪ੍ਰੀਖਿਆ ਵਾਸਤੇ 550 ਤੋਂ ਵੱਧ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਮਾਲ ਪਟਵਾਰੀ ਅਤੇ ਨਹਿਰੀ ਪਟਵਾਰੀ ਦੀਆਂ 1152 ਅਸਾਮੀਆਂ ਲਈ ਲਗਪਗ 2 ਲੱਖ 34 ਹਜ਼ਾਰ ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਹੈ।
ਸ੍ਰੀ ਰਮਨ ਬਹਿਲ ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਜ਼ਿਲ੍ਹੇਦਾਰ, ਮਾਲ ਪਟਵਾਰੀ, (ਨਹਿਰੀ ਪਟਵਾਰੀ) ਦੀਆਂ 1152 ਅਸਾਮੀਆਂ ਲਈ ਲਿਖਤੀ ਪ੍ਰੀਖਿਆ ਮਿਤੀ 8 ਅਗਸਤ 2021 ਦਿਨ ਐਤਵਾਰ ਨੂੰ ਲਈ ਜਾ ਰਹੀ ਹੈ। ਲਿਖਤੀ ਪ੍ਰੀਖਿਆ ਲਈ ਐਡਮਿਟ ਕਾਰਡ, ਹਦਾਇਤਾਂ ਅਤੇ ਪ੍ਰੀਖਿਆ ਸਬੰਧੀ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ www.sssb.punjab.gov.in ਉਤੇ ਉਪਲਬਧ ਕਰਵਾਈ ਗਈ ਹੈ।
ਚੇਅਰਮੈਨ ਸ੍ਰੀ ਬਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪ੍ਰੀਖਿਆ ਨਿਰਵਿਘਨ ਤਰੀਕੇ ਨਾਲ ਕਰਵਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਸਬੰਧਤ ਜ਼ਿਲ੍ਹਿਆਂ ਦਾ ਇੰਚਾਰਜ ਨਿਯੁਕਤ ਕੀਤਾ ਹੈ। ਆਈਏਐਸ/ਪੀਸੀਐਸ ਜਾਂ ਹੋਰ ਗਜ਼ਟਿਡ ਅਧਿਕਾਰੀ ਹਰੇਕ ਪ੍ਰੀਖਿਆ ਕੇਂਦਰ ਵਿੱਚ ਨਿਗਰਾਨ ਵਜੋਂ ਨਿਯੁਕਤ ਕੀਤੇ ਗਏ ਹਨ। ਸਬੰਧਤ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਸੁਰੱਖਿਆ ਪ੍ਰਬੰਧਾਂ ਦਾ ਇੰਚਾਰਜ ਬਣਾਇਆ ਗਿਆ ਹੈ। ਸੁਰੱਖਿਆ ਪ੍ਰਬੰਧਾਂ ਅਤੇ ਸਖਤ ਚੌਕਸੀ ਦੀ ਨਿਗਰਾਨੀ ਕਰਨ ਲਈ ਪੁਲਿਸ ਵਿਭਾਗ ਦੁਆਰਾ ਪ੍ਰੀਖਿਆ ਕੇਂਦਰਾਂ ਨੂੰ ਸਰਕਲਾਂ ਵਿੱਚ ਵੰਡਿਆ ਗਿਆ ਹੈ। ਐਸਪੀ/ਡੀਐਸਪੀ ਪੱਧਰ ਦੇ ਅਧਿਕਾਰੀ ਹਰੇਕ ਸਰਕਲ ਦੇ ਇੰਚਾਰਜ ਹੋਣਗੇ। ਉਨ੍ਹਾਂ ਕਿਹਾ ਕਿ ਹਰੇਕ ਸ਼੍ਰੇਣੀ ਵਿੱਚ ਦੂਜੇ ਪੜਾਅ ਦੀ ਪ੍ਰੀਖਿਆ ਲਈ ਅਸਲ ਅਸਾਮੀਆਂ ਦੇ ਦਸ ਗੁਣਾ ਉਮੀਦਵਾਰਾਂ ਨੂੰ ਸੱਦਾ ਦਿੱਤਾ ਜਾਵੇਗਾ, ਜਿਨ੍ਹਾਂ ਲਈ ਕੇਂਦਰ ਸਿਰਫ ਚੰਡੀਗੜ੍ਹ ਵਿਖੇ ਸਥਾਪਤ ਕੀਤੇ ਜਾਣਗੇ।
ਸ੍ਰੀ ਬਹਿਲ ਨੇ ਕਿਹਾ ਕਿ ਪ੍ਰੀਖਿਆਵਾਂ ਵਿੱਚ ਨਿਰਪੱਖਤਾ ਅਤੇ ਪਾਰਦਰਸ਼ਤਾ ਬਣਾਈ ਰੱਖਣ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ, ਉਮੀਦਵਾਰਾਂ ਦੇ ਪ੍ਰੀਖਿਆ ਕੇਂਦਰ ਉਨ੍ਹਾਂ ਦੀ ਬਜਾਏ ਹੋਰ ਨੇੜਲੇ ਜ਼ਿਲ੍ਹਿਆਂ ਵਿੱਚ ਸਥਾਪਤ ਕੀਤੇ ਗਏ ਹਨ। ਬੋਰਡ ਨੇ ਪੰਜਾਬ ਸਰਕਾਰ ਨੂੰ ਲਿਖਿਆ ਹੈ ਕਿ ਉਹ ਜਨਤਕ ਆਵਾਜਾਈ ਨੂੰ ਆਪਣੇ ਸਿਖਰ ‘ਤੇ ਚਲਾਏ ਅਤੇ ਉਮੀਦਵਾਰਾਂ ਦੀ ਸਹੂਲਤ ਲਈ 8 ਅਗਸਤ ਨੂੰ ਪ੍ਰੀਖਿਆ ਕੇਂਦਰਾਂ ਵਿੱਚ ਨਿਰਵਿਘਨ ਸਪਲਾਈ ਯਕੀਨੀ ਬਣਾਏ।
ਚੇਅਰਮੈਨ ਨੇ ਕਿਹਾ ਕਿ ਭਰਤੀ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ‘ਤੇ ਕੀਤੀ ਜਾਵੇਗੀ ਅਤੇ ਓਐਮਆਰ ਸ਼ੀਟ ਦੀ ਸਕੈਨ ਕੀਤੀ ਕਾਪੀ ਪ੍ਰੀਖਿਆ ਦੇ ਤੁਰੰਤ ਬਾਅਦ ਬੋਰਡ ਦੀ ਵੈਬਸਾਈਟ ‘ਤੇ ਉਪਲਬਧ ਕਰਵਾਈ ਜਾਵੇਗੀ। ਪਾਰਦਰਸ਼ਤਾ ਬਣਾਈ ਰੱਖਣ ਲਈ ਅਤਿ-ਆਧੁਨਿਕ ਤਕਨੀਕੀ ਸਾਧਨਾਂ ਜਿਵੇਂ ਕਿ ਬਾਇਓਮੈਟ੍ਰਿਕ, ਜੈਮਰਸ, ਵੀਡੀਓਗ੍ਰਾਫੀ ਅਤੇ ਹੋਰਾਂ ਦੀ ਵੀ ਵਰਤੋਂ ਕੀਤੀ ਜਾਏਗੀ। ਪ੍ਰੀਖਿਆ ਦੌਰਾਨ ਕੋਈ ਇੰਟਰਵਿਊ ਨਹੀਂ ਹੋਵੇਗੀ। ਉਨ੍ਹਾਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਦਾ ਸ਼ਿਕਾਰ ਨਾ ਹੋਣ ਅਤੇ ਪ੍ਰੀਖਿਆ ਲਈ ਸਖਤ ਤਿਆਰੀ ਕਰਨ ‘ਤੇ ਧਿਆਨ ਕੇਂਦਰਿਤ ਕਰਨ।
ਇਹ ਵੀ ਪੜ੍ਹੋ : ਸਰਕਾਰ ਨੇ HC ਨੂੰ ਕੀਤਾ ਸੂਚਿਤ, ਸੁਖਪਾਲ ਖਹਿਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਸ਼ਿਕਾਇਤ ‘ਤੇ ਸਪੀਕਰ 3 ਮਹੀਨਿਆਂ ‘ਚ ਦੇਣਗੇ ਫੈਸਲਾ