ਕਾਬੁਲ: ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਖੂੰਖਾਰ ਦੌਰ ਪਰਤਣ ਨਾਲ ਦੂਜੇ ਧਰਮ ਦੇ ਲੋਕਾਂ ਲਈ ਮੁਸੀਬਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਤਾਲਿਬਾਨ ਨੇ ਅਫਗਾਨਿਸਤਾਨ ਦੇ ਪਕਟੀਆ ਪ੍ਰਾਂਤ ਵਿੱਚ ਸਥਿਤ ਚਮਕਾਨੀ ਖੇਤਰ ਦੇ ਗੁਰਦੁਆਰਾ ਥਾਲਾ ਸਾਹਿਬ ਦੀ ਛੱਤ ਤੋਂ ਸਿੱਖਾਂ ਦਾ ਪਵਿੱਤਰ ਝੰਡਾ ਉਤਾਰ ਲਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ‘ਤੇ ਇਹ ਕਰਤੂਤ ਤਾਲਿਬਾਨ ਨੇ ਕੀਤੀ ਹੈ।
ਹਾਲਾਂਕਿ ਤਾਲਿਬਾਨ ਨੇ ਅਜਿਹੀਆਂ ਖਬਰਾਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਰਿਪੋਰਟਾਂ ‘ਤੇ ਤਾਲਿਬਾਨ ਨੇ ਕਿਹਾ,’ ਅਜਿਹੀਆਂ ਖਬਰਾਂ ਬੇਬੁਨਿਆਦ ਹਨ। ਸਿੱਖ ਅਤੇ ਹਿੰਦੂ ਭਾਈਚਾਰੇ ਸਦੀਆਂ ਤੋਂ ਪਖਤਿਆ ਵਿੱਚ ਰਹਿੰਦੇ ਹਨ। ਕਿਸੇ ਹੋਰ ਅਫਗਾਨ ਨਾਗਰਿਕ ਦੀ ਤਰ੍ਹਾਂ, ਉਹ ਆਪਣੀ ਆਮ ਜ਼ਿੰਦਗੀ ਜੀ ਸਕਦਾ ਹੈ। ਏਐਨਆਈ ਨਾਲ ਜੁੜੇ ਨਵੀਨ ਕੁਮਾਰ ਨੇ ਵੀ ਇਸ ਸਬੰਧੀ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਨਿਸ਼ਾਨ ਸਾਹਿਬ ਨੂੰ ਝੰਡੇ ਦੀ ਜਗ੍ਹਾ ਤੋਂ ਹਟਾਇਆ ਜਾ ਰਿਹਾ ਹੈ। ਪਿਛਲੇ ਸਾਲ ਇਸ ਗੁਰਦੁਆਰਾ ਸਾਹਿਬ ਤੋਂ ਨਿਧਾਨ ਸਿੰਘ ਸਚਦੇਵਾ ਨਾਂ ਦੇ ਵਿਅਕਤੀ ਨੂੰ ਅਗਵਾ ਕਰ ਲਿਆ ਗਿਆ ਸੀ। ਹੁਣ ਇੱਕ ਵਾਰ ਫਿਰ ਇਹ ਗੁਰਦੁਆਰਾ ਨਿਸ਼ਾਨ ਸਾਹਿਬ ਹਟਾਏ ਜਾਣ ਕਾਰਨ ਚਰਚਾ ਵਿੱਚ ਹੈ।
ਪਿਛਲੇ ਕੁਝ ਦਿਨਾਂ ਤੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਦਹਿਸ਼ਤ ਵਧ ਗਈ ਹੈ। ਕਵੀ, ਲੇਖਕ, ਕਾਮੇਡੀਅਨ ਸਣੇ ਕਈ ਲੋਕਾਂ ਨੂੰ ਤਾਲਿਬਾਨ ਹੁਣ ਤੱਕ ਮੌਤ ਦੇ ਘਾਟ ਉਤਾਰ ਚੁੱਕਾ ਹੈ। ਇੰਨਾ ਹੀ ਨਹੀਂ, ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਵੀ ਤਾਲਿਬਾਨ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਤਾਲਿਬਾਨ ਨੇ ਹਾਲਾਂਕਿ ਦਾਨਿਸ਼ ਸਿੱਦੀਕੀ ਦੀ ਹੱਤਿਆ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ ‘ਚ ਜੰਤਰ -ਮੰਤਰ ਪਹੁੰਚੇ ਰਾਹੁਲ ਸਮੇਤ ਵਿਰੋਧੀ ਧਿਰ ਦੇ ਆਗੂ, TMC, AAP ਨੇ ਬਣਾਈ ਦੂਰੀ