ਲਾਹੌਰ ਵਿੱਚ ਇੱਕ ਵਾਰ ਫਿਰ 19ਵੀਂ ਸਦੀ ਸਿੱਖ ਸ਼ਖਸੀਅਤ ਮਹਾਰਾਜਾ ਰਣਜੀਤ ਸਿੰਘ ਕਾਂਸੇ ਦੇ ਬੁੱਤ ਨੂੰ ਤੋੜਿਆ ਗਿਆ ਹੈ। ਦੋਸ਼ੀ ‘ਤੇ ਕੇਸ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਡੀਐਸਜੀਪੀਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਗੱਲ ਕਿਹਾ ਹੈ। ਉਨ੍ਹਾਂ ਵਿਦੇਸ਼ ਮੰਤਰਾਲਾ ਨਾਲ ਇਸ ਸੰਬੰਧੀ ਗੱਲ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਦਿੱਲੀ ਸ਼੍ਰੋਮਣੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਕੱਟੜਵਾਦ ਦੀ ਮਿਸਾਲ ਹੈ। ਸਾਰੇ ਧਰਮਾਂ ਨੂੰ ਸਨਮਾਨ ਦੇਣ ਵਾਲੇ ਮਹਾਰਾਜ ਰਣਜੀਤ ਸਿੰਘ ਦੇ ਬੁੱਤ ਨਾਲ ਅਜਿਹੀ ਹਰਕਤ ਬਹੁਤ ਹੀ ਸ਼ਰਮ ਤੇ ਦੁਖਦਾਈ ਗੱਲ ਹੈ। ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਦੇਸ਼ ਮੰਤਰਾਲਾ ਦੇ ਜੁਆਇੰਟ ਸੈਕਟਰੀ ਨੇ ਭਰੋਸਾ ਦਿਵਾਇਆ ਹੈ ਕਿ ਪਾਕਿਸਤਾਨ ਦੇ ਗ੍ਰਹਿ ਮੰਤਰਾਲਾ ਨੂੰ ਇਸ ਬਾਰੇ ਨੋਟਿਸ ਲੈਣ ਲਈ ਕਹਿਣਗੇ ਕਿ ਇਸ ਸੰਬੰਧੀ ਤੁਰੰਤ ਕਾਰਵਾਈ ਹੋਵੇ ਅਤੇ ਯਕੀਨੀ ਬਣਾਉਣਗੇ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇ।
ਦੱਸਣਯੋਗ ਹੈ ਕਿ ਮਾਈ ਜਿੰਦਾਂ ਹਵੇਲੀ ਲਾਹੌਰ ਵਿਖ਼ੇ ਜੂਨ 1920 ਵਿੱਚ ਸਥਾਪਤ ਕੀਤੇ ਗਏ 9 ਫੁੱਟ ਉੱਚੇ ਕਾਂਸੇ ਦੇ ਇਸ ਬੁੱਤ ਰਾਹੀਂ ਮਹਾਰਾਜ ਰਣਜੀਤ ਸਿੰਘ ਨੂੰ ਆਪਣੀ ਸਿੱਖ ਵੇਸ਼ਭੂਸ਼ਾ ਵਿੱਚ ਘੋੜੇ ’ਤੇ ਸਵਾਰ ਦਿਖਾਇਆ ਗਿਆ ਹੈ ਅਤੇ ਉਨ੍ਹਾਂ ਦੇ ਇਕ ਹੱਥ ਵਿੱਚ ਤਲਵਾਰ ਫੜੀ ਹੋਈ ਹੈ।
ਤਹਿਰੀਕ-ਏ-ਲਬਾਇਕ ਪਾਕਿਸਤਾਨ (ਟੀ.ਐਲ.ਪੀ.) ਦੇ ਇਕ ਮੈਂਬਰ ਨੇ ਇਹ ਕਾਰਾ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਟੀ.ਐਲ.ਪੀ.ਦੇ ਵਰਕਰਾਂ ਨੇ ਹੀ ਇਸ ਬੁੱਤ ਨੂੰ ਨੁਕਸਾਨ ਪੁਚਾਇਆ ਹੈ।
ਇਹ ਵੀ ਪੜ੍ਹੋ : ਲਾਹੌਰ ‘ਚ ਸ਼ਰਾਰਤੀ ਅਨਸਰਾਂ ਦੁਆਰਾ ਤੀਜੀ ਵਾਰ ਤੋੜਿਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ, ਦੋਸ਼ੀ ਗਿਰਫ਼ਤਾਰ
ਇਸ ਸੰਬੰਧੀ ਟਵਿੱਟਰ ’ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਦੋਸ਼ੀ ਰਿਜ਼ਵਾਨ ਬੁੱਤ ਦੇ ਆਲੇ-ਦੁਆਲੇ ਲੱਗੀ ਰੇਲਿੰਗ ਨੂੰ ਪਾਰ ਕਰਕੇ ਬੁੱਤ ਦੇ ਕੋਲ ਪਹੁੰਚਦਾ ਅਤੇ ਫ਼ਿਰ ਧੱਕਾ ਦੇ ਕੇ ਬੁੱਤ ਦਾ ਘੋੜੇ ਤੋਂ ਉੱਪਰਲਾ ਹਿੱਸਾ ਜ਼ੋਰ ਨਾਲ ਹੇਠਾਂ ਸੁੱਟ ਦਿੰਦਾ ਹੈ। ਅਜਿਹਾ ਕਰਦੇ ਹੋਏ ਉਹ ਖੁਦ ਵੀ ਡਿੱਗ ਜਾਂਦਾ ਹੈ। ਉਹ ਫ਼ਿਰ ਉੱਠਦਾ ਹੈ ਅਤੇ ਫ਼ਿਰ ਬੁੱਤ ਨੂੰ ਇਕ ਹੋਰ ਧੱਕਾ ਦਿੰਦਾ ਹੈ ਜਿਸ ਨਾਲ ਇਕ ਹੋਰ ਹਿੱਸਾ ਨੁਕਸਾਨਿਆ ਜਾਂਦਾ ਹੈ।