ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ ਔਰਤਾਂ ਨੂੰ ਰੱਖੜੀ ਦੇ ਤੋਹਫ਼ੇ ਵਜੋਂ ਸੰਗਰੂਰ ਦੇ ਪਹਿਲੇ ਮਹਿਲਾ ਥਾਣੇ ਦੇ ਕੰਮਕਾਜ ਦੀ ਸ਼ੁਰੂਆਤ ਕਰਵਾਈ ਗਈ। ਸਿੰਗਲਾ ਨੇ ਦੱਸਿਆ ਕਿ ਔਰਤਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਮਾਮਲਿਆਂ ਨੂੰ ਸੰਜੀਦਗੀ ਨਾਲ ਨਜਿੱਠਣ ਲਈ ਇਸ ਮਹਿਲਾ ਥਾਣੇ ਦੀ ਸ਼ੁਰੂਆਤ ਕਰਵਾਈ ਗਈ ਹੈ।
ਸਿੱਖਿਆ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਲਾ ਥਾਣੇ ਦੀ ਸ਼ੁਰੂਆਤ ਕੀਤੇ ਜਾਣ ਦਾ ਉਦੇਸ਼ ਔਰਤਾਂ ਤੇ ਲੜਕੀਆਂ ਨਾਲ ਹੋਣ ਵਾਲੀ ਘਰੇਲੂ ਹਿੰਸਾ ਤੇ ਹੋਰਨਾਂ ਅਪਰਾਧਾਂ ਦੀ ਸ਼ਿਕਾਇਤ ਦਰਜ ਕਰਾਵਾਉਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਹੈ। ਉਨ੍ਹਾਂ ਕਿਹਾ ਕਿ ਮਹਿਲਾ ਥਾਣੇ ’ਚ ਸਿਰਫ਼ ਮਹਿਲਾ ਪੁਲਿਸ ਅਫ਼ਸਰ ਤੇ ਕਰਮਚਾਰੀ ਤੈਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਥਾਣੇ ਵਿਚ ਪੁਰਸ਼ ਪੁਲਿਸ ਅਫਸਰ ਦੀ ਮੌਜੂਦਗੀ ਕਾਰਨ ਔਰਤਾਂ ਆਪਣੇ ਨਾਲ ਹੋਈ ਹਿੰਸਾ ਦੀ ਸ਼ਿਕਾਇਤ ਕਰਨ ਤੋਂ ਝਿਜਕਦੀਆਂ ਹਨ। ਮਹਿਲਾ ਥਾਣੇ ’ਚ ਮਹਿਲਾਵਾਂ ਵਿਰੁੱਧ ਹੋਏ ਅਪਰਾਧਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਸੰਵੇਦਨਸ਼ੀਲ ਮਾਮਲਿਆਂ ’ਚ ਮਹਿਲਾ ਸ਼ਿਕਾਇਤਕਰਤਾ ਦੇ ਵੇਰਵਿਆਂ ਨੂੰ ਹਰ ਪਾਸਿਓਂ ਗੁਪਤ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਦੀ ਭਲਾਈ ਤੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਥਾਣੇ ਬਣਨ ਨਾਲ ਜਿੱਥੇ ਔਰਤਾਂ ਵੱਲੋਂ ਡਰ ਜਾਂ ਕਿਸੇ ਹੋਰ ਕਾਰਨ ਰਿਪੋਰਟ ਨਾ ਕੀਤੇ ਜਾਣ ਵਾਲੇ ਕੇਸ ਰਿਪੋਰਟ ਹੋਣਗੇ ਨਾਲ ਹੀ ਅਜਿਹੇ ਅਪਰਾਧੀਆਂ ਵਿਰੁੱਧ ਵੀ ਕਾਰਵਾਈ ਹੋ ਸਕੇਗੀ ਜੋ ਸ਼ਿਕਾਇਤ ਨਾ ਹੋਣ ਕਾਰਨ ਸਜ਼ਾ ਤੋਂ ਬਚ ਜਾਂਦੇ ਹਨ।