ਜਲੰਧਰ ਵਿੱਚ ਚਾਰ ਦਿਨ ਪਹਿਲਾਂ ਗੈਸ ਕਟਰ ਨਾਲ ਏਟੀਐਮ ਕੱਟ ਕੇ 6.44 ਲੱਖ ਰੁਪਏ ਚੋਰੀ ਕਰਨ ਵਾਲੇ ਚਾਰ ਮੈਂਬਰਾਂ ਦੇ ਇੱਕ ਗਿਰੋਹ ਨੂੰ ਦਿਹਾਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਅੰਮ੍ਰਿਤਸਰ ਦਾ ਵਸਨੀਕ ਹੈ ਅਤੇ ਪੰਜਾਬ ਦੇ ਕਈ ਸ਼ਹਿਰਾਂ ਦੇ ਨਾਲ -ਨਾਲ ਹਿਮਾਚਲ ਪ੍ਰਦੇਸ਼ ਵਿੱਚ ਵੀ ਅਪਰਾਧ ਕਰ ਚੁੱਕਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਚੋਰੀ ਹੋਈ ਰਕਮ ਵਿੱਚੋਂ 3.88 ਲੱਖ ਨਕਦ, 2 ਕਾਰਾਂ ਅਤੇ ਗੈਸ ਕਟਰ ਵੀ ਬਰਾਮਦ ਕੀਤੇ ਹਨ। ਹੁਣ ਦੋਸ਼ੀਆਂ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
ਐਸਐਸਪੀ ਨਵੀਨ ਸਿੰਗਲਾ ਨੇ ਦੱਸਿਆ ਕਿ 21 ਅਗਸਤ ਨੂੰ ਬਟਾਲਾ, ਗੁਰਦਾਸਪੁਰ ਦੇ ਵਾਸੀ ਸੰਜੀਵ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਏਟੀਐਮ ਵਿਭਾਗ ਵਿੱਚ ਕੰਮ ਕਰਦਾ ਹੈ। ਉਹ ਰੁਟੀਨ ਵਿੱਚ ਏਟੀਐਮ ਦੀ ਜਾਂਚ ਕਰ ਰਿਹਾ ਸੀ। ਫਿਰ ਉਸ ਨੂੰ ਪਿੰਡ ਡਰੋਲੀ ਕਲਾਂ ਵਿੱਚ ਏਟੀਐਮ ਬਿਲਡਿੰਗ ਦੇ ਮਾਲਕ ਦਾ ਫੋਨ ਆਇਆ ਕਿ ਉਸ ਦਾ ਤਾਲਾ ਟੁੱਟਿਆ ਹੋਇਆ ਹੈ। ਉਸ ਦਾ ਸ਼ਟਰ ਵੀ ਖੁੱਲ੍ਹਾ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਕਿਸੇ ਨੇ ਏਟੀਐਮ ਨੂੰ ਗੈਸ ਕਟਰ ਨਾਲ ਕੱਟ ਕੇ ਨਕਦੀ ਚੋਰੀ ਕਰ ਲਈ ਹੈ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਏਟੀਐਮ ‘ਚੋਂ 6.44 ਲੱਖ ਰੁਪਏ ਚੋਰੀ ਹੋਏ ਹਨ। ਇਸ ਸਬੰਧੀ ਥਾਣਾ ਆਦਮਪੁਰ ਵਿਖੇ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਲਈ ਅਗਵਾ ਬੱਚੇ ਨੂੰ 24 ਘੰਟਿਆਂ ਵਿਚ ਕੀਤਾ ਬਰਾਮਦ, 4 ਦੋਸ਼ੀ ਗ੍ਰਿਫਤਾਰ
ਇਸ ਤੋਂ ਬਾਅਦ ਮਾਮਲੇ ਦਾ ਪਤਾ ਲਗਾਉਣ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਜਿਸਦੇ ਬਾਅਦ ਦਲਜੀਤ ਸਿੰਘ ਉਰਫ ਸੋਨੂੰ ਵਾਸੀ ਟੈਂਕੀ ਵਾਲਾ ਮੁਹੱਲਾ ਹਰੀਕੇ ਪੱਤਣ ਜ਼ਿਲਾ ਤਰਨਤਾਰਨ, ਚਰਨਜੀਤ ਸਿੰਘ ਉਰਫ ਨੰਦ ਵਾਸੀ ਦਵਿੰਦਰ ਨਗਰ, ਤਰਤਾਰਨ ਰੋਡ ਅੰਮ੍ਰਿਤਸਰ, ਸਵਿੰਦਰ ਸਿੰਘ ਉਰਫ ਟੀਟੂ ਵਾਸੀ ਨੇਸ਼ਟਾ ਥਾਣਾ ਘਰਿੰਡਾ ਅਤੇ ਜਸਪਾਲ ਸਿੰਘ ਉਰਫ ਬੱਗਾ ਵਾਸੀ ਭੂਰਾ ਗੋਨਾ ਥਾਣਾ ਸਟੇਸ਼ਨ ਖੇਮਕਰਨ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵਿੱਚ ਗੁਰੂ ਨਾਨਕਪੁਰਾ, ਅੰਮ੍ਰਿਤਸਰ ਦੀ ਗਲੀ ਨੰਬਰ 7 ਵਿਚ ਰਿਹ ਰਹੇ ਸਨ, ਦਲਜੀਤ ਸੋਨੂੰ, ਚਰਨਜੀਤ ਨੰਦ ਅਤੇ ਸਵਿੰਦਰ ਸਿੰਘ ਸ਼ਾਮਲ ਹਨ। ਇਸ ਦੇ ਨਾਲ ਹੀ ਜਸਪਾਲ ਬੱਗਾ ਅੰਮ੍ਰਿਤਸਰ ਦੇ ਤਰਨਤਾਰਨ ਰੋਡ ‘ਤੇ ਦਸਮੇਸ਼ ਨਗਰ ਦੀ ਗਲੀ ਨੰਬਰ 10 ਵਿੱਚ ਰਹਿੰਦਾ ਸੀ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮਾਂ ਤੋਂ ਏਟੀਐਮ ਵਿੱਚੋਂ ਚੋਰੀ ਹੋਈ ਨਕਦੀ ਵਿੱਚੋਂ 3.88 ਲੱਖ ਰੁਪਏ, ਸਵਿਫਟ ਡਿਜ਼ਾਇਰ ਕਾਰ ਨੰਬਰ ਪੀਬੀ 01 ਏ 0721, ਅਰਟਿਗਾ ਕਾਰ ਨੰਬਰ ਪੀ ਬੀ 02 ਸੀ ਬੀ -1734 ਅਤੇ ਗੈਸ ਕਟਰ ਬਰਾਮਦ ਹੋਏ ਹਨ।
ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦਲਜੀਤ ਸੋਨੂੰ ਵਿਰੁੱਧ ਫਿਰੋਜ਼ਪੁਰ, ਤਰਨਤਾਰਨ, ਕਪੂਰਥਲਾ, ਮੋਗਾ ਅਤੇ ਹਿਮਾਚਲ ਪ੍ਰਦੇਸ਼ ਵਿੱਚ 12 ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਚਰਨਜੀਤ ਉਰਫ ਨੰਦੂ ਦੇ ਖਿਲਾਫ ਫਿਰੋਜ਼ਪੁਰ, ਤਰਨਤਾਰਨ, ਕਪੂਰਥਲਾ, ਮੋਗਾ ਅਤੇ ਹਿਮਾਚਲ ਪ੍ਰਦੇਸ਼ ਵਿੱਚ 11 ਮਾਮਲੇ ਦਰਜ ਹਨ।