ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਮਹਿਲਾ ਮੋਰਚਾ ਭਾਜਪਾ ਦੇ ਦਫ਼ਤਰ ਦਾ ਘਿਰਾਓ ਕਰਨ ਪਹੁੰਚਿਆ। ਉਸ ਵੇਲੇ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਣ ਲਈ ਵਾਟਰ ਕੈਨਨ ਅਤੇ ਲਾਠੀਚਾਰਜ ਦਾ ਇਸਤੇਮਾਲ ਕੀਤਾ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਕਈ ਮਹਿਲਾਵਾਂ ਨੂੰ ਬੱਸਾਂ ‘ਚ ਬਿਠਾ ਕੇ ਲਿਜਾਇਆ ਗਿਆ।
ਇਸ ਦੌਰਾਨ ‘ਆਪ’ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਯੂਥ ਆਗੂ ਅਨਮੋਲ ਗਗਨ ਮਾਨ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ।
ਦਰਅਸਲ ਭਾਜਪਾ ਆਗੂਆਂ ਵੱਲੋਂ ਪੰਜਾਬ ਸਮੇਤ ਦੇਸ਼ ’ਚ ਔਰਤਾਂ ਅਤੇ ਕਿਸਾਨਾਂ ਖਿਲਾਫ਼ ਭੱਦੀ ਸ਼ਬਦਾਵਲੀ ਅਤੇ ਹਮਲੇ ਕਰਨ ਵਿਰੁੱਧ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਵੱਲੋਂ ਚੰਡੀਗੜ੍ਹ ਸਥਿਤ ਸੂਬਾ ਦਫ਼ਤਰ ਦਾ ਘਿਰਾਓ ਕਰਨ ਲਈ ਸੈਕਟਰ 37 ਤੋਂ ਮਾਰਚ ਸ਼ੁਰੂ ਕੀਤਾ।
ਇਹ ਵੀ ਪੜ੍ਹੋ : ਗੁਰਦਾਸ ਮਾਨ ‘ਤੇ ਪਰਚੇ ਦਾ ਵਧਣ ਲੱਗਾ ਵਿਵਾਦ : ਮਾਨ ਸਮਰਥਕ ਪਹੁੰਚੇ ਨਕੋਦਰ ਪੁਲਿਸ ਕੋਲ- ਸਿੱਖ ਆਗੂ ‘ਤੇ ਕੀਤੀ FIR ਦੀ ਮੰਗ
ਮਹਿਲਾ ਵਰਕਰਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲੀਸ ਨੇ ਬੈਰੀਕੇਡਿੰਗ ਕੀਤੀ ਪਰ ਉਹ ਬੈਰੀਕੇਡ ਤੋੜਦੀਆਂ ਹੋਈਆਂ ਅੱਗੇ ਵਧ ਗਈਆਂ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ’ਤੇ ਵਾਟਰ ਕੈਨਨ ਦੀ ਵਰਤੋਂ ਕਰਦੇ ਹੋਏ ਲਾਠੀਚਾਰਜ ਕੀਤਾ। ਪੁਲਿਸ ਵੱਲੋਂ ਕੀਤੇ ਲਾਠੀਚਾਰਜ ਕਾਰਨ ਬਹੁਤ ਸਾਰੀਆਂ ਔਰਤਾਂ ਨੂੰ ਜ਼ਖਮੀ ਹੋ ਗਈਆਂ। ਇਸ ਦੌਰਾਨ ਸਥਿਤੀ ਕਾਫੀ ਤਣਾਅਪੂਰਨ ਹੋ ਗਈ।