ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ 2022 ਲਈ ਸਰਗਰਮੀਆਂ ਜ਼ੋਰਾਂ ‘ਤੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਮੋਗਾ ਹਲਕੇ ਤੋਂ ਅਕਾਲੀ ਉਮੀਦਵਾਰ ਐਲਾਨਿਆ।
ਹੁਣ ਬਰਜਿੰਦਰ ਸਿੰਘ ਮੱਖਣ ਬਰਾੜ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜਨਗੇ।
ਇਹ ਐਲਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਚੱਲ ਰਹੀ ਗੱਲ ਪੰਜਾਬ ਦੀ ਮੁਹਿੰਮ ਦੌਰਾਨ ਕੀਤਾ। ਅੱਜ ਛੋਟੇ ਬਾਦਲ 100 ਦਿਨਾ ਪੰਜਾਬ ਦੌਰੇ ਦੀ ਮੁਹਿੰਮ ਦੌਰਾਨ ਮੋਗਾ ਪਹੁੰਚੇ। ਸੁਖਬੀਰ ਸਿੰਘ ਬਾਦਲ ਨੇ ਮੋਗਾ ਹਲਕੇ ਤੋਂ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਉਨ੍ਹਾਂ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਸੀਂ ਪੰਜਾਬ ਨੂੰ ਸਫਲਤਾ ਦੇ ਰਾਹ ‘ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਸ ਵੇਲੇ ਜ਼ੀਰਾ ਤੋਂ ਸ਼ੁਰੂ ਹੋਏ ਸੌ ਹਲਕਿਆਂ ਵਿੱਚ ਸੌ ਦਿਨਾਂ ਦੀ ਯਾਤਰਾ ‘ਤੇ ਹਨ। ਇਸ ਦਾ ਉਦੇਸ਼ ਭ੍ਰਿਸ਼ਟ ਅਤੇ ਘਪਲਿਆਂ ਵਿੱਚ ਘਿਰੀ ਕਾਂਗਰਸ ਸਰਕਾਰ ਦਾ ਪਰਦਾਫਾਸ਼ ਕਰਨਾ ਹੈ। ਪਾਰਟੀ ਮੁਹਿੰਮ ‘ਗੱਲ ਪੰਜਾਬ ਦੀ’ ਦੀ ਸ਼ੁਰੂਆਤ ਕਰਦਿਆਂ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਸੀ ਕਿ ਉਹ ਆਪਣੀ 100 ਦਿਨਾਂ ਯਾਤਰਾ ਦੌਰਾਨ 700 ਜਨ ਸਭਾਵਾਂ ਕਰਨਗੇ ਅਤੇ ਸਮਾਜ ਦੇ ਹਰ ਵਰਗ ਨੂੰ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ : ਅਟਾਰੀ ਬਾਰਡਰ ‘ਤੇ ਲੱਗਾ ਦੇਸ਼ ਦਾ ਪਹਿਲਾ ਰੇਡੀਏਸ਼ਨ ਡਿਟੈਕਸ਼ਨ ਇਕਵਿਪਮੈਂਟ, ਕਰੇਗਾ ਟਰੱਕਾਂ ਦਾ ਐਕਸ-ਰੇ
ਦੱਸ ਦੇਈਏ ਕਿ ਬੀਤੇ ਦਿਨ ਵੀ ਅਕਾਲੀ ਦਲ ਨੇ ਮੋੜ ਵਿਧਾਨ ਸਭਾ ਤੋਂ ਜਗਮੀਤ ਸਿੰਘ ਬਰਾੜ, ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੰਘ, ਜੈਤੋ ਤੋਂ ਸੂਬਾ ਸਿੰਘ, ਕੋਟਕਪੂਰਾ ਤੋਂ ਮਨਤਾਰ ਸਿੰਘ ਬਰਾੜ, ਮੁਕਤਸਰ ਤੋਂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਫਰੀਦਕੋਟ ਤੋਂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਟਿਕਟਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਸ਼ਰਨਜੀਤ ਢਿੱਲੋਂ ਨੂੰ ਸਾਹਨੇਵਾਲ ਤੋਂ ਉਮੀਦਵਾਰ ਐਲਾਨਿਆ ਸੀ।