ਚੰਡੀਗੜ੍ਹ: ਆਮ ਆਦਮੀ ਪਾਰਟੀ ਵਿੱਚ ਕਈ ਰਾਜਾਂ ਵਿੱਚ ਉਠ ਰਹੀ ਅਹੁਦਿਆਂ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਸੀਹਤ ਦਿੱਤੀ ਹੈ ਕਿ ‘ਆਪ’ ਦਾ ਮਕਸਦ ਜਨਤਾ ਦੀ ਸੇਵਾ ਨਾਲ ਸਿੱਧੇ ਤੌਰ ‘ਤੇ ਜੁੜਨਾ ਹੈ।
ਪਾਰਟੀ ਵਿੱਚ ਕੰਮ ਕਰਨ ਵਾਲੇ ਸਾਰੇ ਵਰਕਰ ਸੇਵਾ ਦੀ ਭਾਵਨਾ ਨਾਲ ਜੁੜੇ ਹੋਏ ਹਨ ਅਤੇ ਕਿਸੇ ਵੀ ਅਹੁਦੇ ਦੀ ਲਾਲਸਾ ਕਾਰਨ ਪਾਰਟੀ ਵਿੱਚ ਖਿੱਚੋਤਾਨ ਵਾਲਾ ਮਾਹੌਲ ਪੈਦਾ ਨਾ ਕਰਨ। ਕੇਜਰੀਵਾਲ ਦੇ ਇਸ ਬਿਆਨ ਨੂੰ ਸਿੱਧੇ ਤੌਰ ‘ਤੇ ਪੰਜਾਬ ਵਿੱਚ ਚੱਲ ਰਹੇ ਮੁੱਖ ਮੰਤਰੀ ਦੇ ਚਿਹਰੇ ਦੀ ਮੰਗ ਨਾਲ ਜੋੜਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਰ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਦਾ ਚਿਹਰਾ ਆਮ ਆਦਮੀ ਪਾਰਟੀ ਦੇ ਸਾਹਮਣੇ ਲਿਆਉਣ ਦੀ ਮੰਗ ਕਰ ਰਹੀਆਂ ਹਨ। ਜਿਸ ਤੋਂ ਬਾਅਦ ਪੰਜਾਬ ਦੇ ਸੰਗਰੂਰ ਤੋਂ ‘ਆਪ’ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਮੰਗ ਪਾਰਟੀ ਵਰਕਰਾਂ ਵੱਲੋਂ ਉੱਠਣੀ ਸ਼ੁਰੂ ਹੋ ਗਈ ਹੈ। ਭਗਵੰਤ ਮਾਨ ਨੂੰ ਪਾਰਟੀ ਦਾ ਮੁੱਖ ਮੰਤਰੀ ਬਣਾਉਣ ਲਈ ਸੋਸ਼ਲ ਮੀਡੀਆ ‘ਤੇ ਲਗਾਤਾਰ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨਾਲ ਮੀਟਿੰਗ ‘ਚ ਭਤੀਜੇ ਸੁਮਿਤ ਨਾਲ ਪਹੁੰਚਣ ‘ਤੇ ਅਕਾਲੀ ਦਲ ਦੇ ਨਿਸ਼ਾਨੇ ‘ਤੇ ਸਿੱਧੂ, ਕਾਂਗਰਸ ਨੂੰ ਵੀ ਕੀਤੀ ਟਿੱਚਰ
ਦੱਸਣਯੋਗ ਹੈ ਕਿ ਦੋ ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਕਿਹਾ ਸੀ ਕਿ ਪਾਰਟੀ ਦਾ ਸੀਐਮ ਉਮੀਦਵਾਰ ਸਿੱਖ ਚਿਹਰਾ ਹੋਵੇਗਾ। ਹੁਣ ਚੋਣਾਂ ਨੇੜੇ ਆਉਣ ‘ਤੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਚਰਚਾ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਨੂੰ ਮਿਲਣ ਆਉਣ ਵਾਲੇ ਵਰਕਰਾਂ ਦਾ ਵੀ ਇਹੀ ਸਵਾਲ ਹੈ ਕਿ ਸੀਐਮ ਉਮੀਦਵਾਰ ਕੌਣ ਹੋਵੇਗਾ ਅਤੇ ਪਾਰਟੀ ਇਸਦਾ ਐਲਾਨ ਕਦੋਂ ਕਰੇਗੀ?