ਚੰਡ੍ਹੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰ ਦੇ ਕਿ ਆਖਿਆ ਕਿ ਕਿਸਾਨੀ ਮੰਡੀਕਰਨ ਨਾਲ ਸਬੰਧਤ ਤਿੰਨ ਕਾਲੇ ਕਨੂੰਨਾਂ ਨੂੰ ਰੱਦ ਕਰਨ ਤੇ ਹੋਰ ਕਿਸਾਨੀ ਸਮੱਸਿਆਵਾਂ ਦਾ ਹੱਲ ਕਰਨ ਲਈ ਉਹ ਤੁਰੰਤ ਨਿੱਜੀ ਅਤੇ ਅਸਰਦਾਇਕ ਪਹਿਲਕਦਮੀ ਕਰਦਿਆਂ ਕਿਸਾਨਾਂ ਨਾਲ ਸਿੱਧੀ ਗਲਬਾਤ ਲਈ ਫੌਰੀ ਤੇ ਬਿਨਾ ਸ਼ਰਤ ਸੱਦਾ ਦੇਣ।
ਦੇਸ਼ ਭਰ ਦੇ ਕਿਸਾਨਾਂ, ਖਾਸ ਤੌਰ ‘ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਸ਼ਾਂਤਮਈ ਭਾਰਤ ਬੰਦ ਉੱਤੇ ਮੁਬਾਰਕਬਾਦ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਬੰਦ ਦੀ ਕਾਮਯਾਬੀ ਨਾਲ ਸਰਕਾਰ ਦੀਆਂ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਹਨ ਤੇ ਉਸ ਨੂੰ ਇਹ ਇਲਮ ਹੋ ਜਾਣਾ ਚਾਹੀਦਾ ਹੈ ਕਿ ਪੂਰੇ ਭਾਰਤ ਦੇ ਲੋਕ ਆਪਣੇ ਅੰਨਦਾਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਅਕਾਲੀ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਜ਼ੋਰ ਦੇ ਕੇ ਕਿ ਕਿਹਾ ਕਿ ਜਿਹੜੇ ਤਿੰਨ ਕਾਲੇ ਕਾਨੂੰਨਾਂ ਕਾਰਨ ਦੇਸ਼ ਅੱਜ ਇਸ ਨਾਜ਼ੁਕ ਮੋੜ ‘ਤੇ ਆਣ ਖਲੋਤਾ ਹੈ, ਉਨ੍ਹਾਂ ਨੂੰ ਰੱਦ ਕਰਨ ਲਈ ਸਰਕਾਰ ਤੁਰੰਤ ਪਾਰਲੀਮੈਂਟ ਦਾ ਇੱਕ ਹੰਗਾਮੀ ਸੈਸ਼ਨ ਬੁਲਾ ਕੇ ਉਨ੍ਹਾਂ ਨੂੰ ਬਿਨਾ ਸ਼ਰਤ ਰੱਦ ਕਰਨ ਲਈ ਪਹਿਲ ਕਦਮੀ ਕਰੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਗੇ ਚੱਲ ਕੇ ਕਿਹਾ ਕਿ ਜੇ ਸਰਕਾਰ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਮੰਨ ਲੈਂਦੀ ਜਦੋਂ ਸਾਡੀ ਪਾਰਟੀ ਨੇ ਇਨ੍ਹਾਂ ਕਾਨੂੰਨ ਦੇ ਵਿਰੋਧ ਵਿਚ ਵੋਟ ਪਾਈ ਸੀ ਤੇ ਇਨ੍ਹਾਂ ਦੇ ਵਿਰੋਧ ਵਿਚ ਕੈਬਨਿਟ ਤੋਂ ਅਸਤੀਫਾ ਦੇ ਕੇ ਭਾਜਪਾ ਨਾਲ ਆਪਣਾ ਪੁਰਾਣਾ ਗਠਜੋੜ ਤੋੜ ਲਿਆ ਸੀ, ਤਾਂ ਅੱਜ ਦੇਸ਼ ਦੇ ਹਾਲਾਤ ਉਹ ਨਾ ਹੁੰਦੇ ਜੋ ਇਸ ਵਕਤ ਹਨ।
ਇਹ ਵੀ ਪੜ੍ਹੋ : CM ਚੰਨੀ ਵੱਲੋਂ ਅੰਦੋਲਨ ਦੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਤੁਰੰਤ ਨਿਯੁਕਤੀ ਪੱਤਰ ਦੇਣ ਦੀਆਂ ਹਿਦਾਇਤਾਂ
ਉਨ੍ਹਾਂ ਕਿਹਾ ਕਿ ਪਹਿਲੇ ਕਦਮ ਵੱਜੋਂ ਸਰਕਾਰ ਬਿਨਾਂ ਹੋਰ ਦੇਰੀ ਕੀਤਿਆਂ ਕਿਸਾਨਾਂ ਨਾਲ ਬਿਨਾਂ ਸ਼ਰਤ ਗੱਲਬਾਤ ਦੁਬਾਰਾ ਸ਼ੁਰੂ ਕਰਨ ਲਈ ਸੱਦਾ ਦੇਵੇ। ਉਨ੍ਹਾਂ ਕਿਹਾ ਕਿ ਕਿਸਾਨ ਨੇ ਕਦੇ ਵੀ ਗੱਲਬਾਤ ਤੋਂ ਨਾਂਹ ਨਹੀਂ ਕੀਤੀ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਸੰਘਰਸ਼ ਵਿਚ ਪੂਰੀ ਤਰ੍ਹਾਂ ਅੰਨਦਾਤਾ ਦੇ ਨਾਲ ਖੜ੍ਹਾ ਹੈ ਤੇ ਖੜ੍ਹਾ ਰਹੇਗਾ।