ਸੂਬੇ ਵਿਚ ਨਸ਼ਾ ਤਸਕਰੀ ਦੇ ਮਾਮਲੇ ਆਏ ਦਿਨ ਵਧਦੇ ਨਜ਼ਰ ਆ ਰਹੇ ਹਨ ਜਿਨ੍ਹਾਂ ‘ਤੇ ਨਕੇਲ ਕੱਸਣ ਲਈ ਪੁਲਿਸ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਤੇ ਥਾਂ-ਥਾਂ ‘ਤੇ ਨਾਕੇ ਲਗਾਏ ਜਾ ਰਹੇ ਹਨ। ਇਸੇ ਤਹਿਤ ਅੰਮ੍ਰਿਤਸਰ ਪੁਲਿਸ ਨੇ ਸਿਵਲ ਲਾਈਨ ਖੇਤਰ ਵਿੱਚ ਮੰਗਲਵਾਰ ਦੇਰ ਰਾਤ ਰੇਲਵੇ ਸਟੇਸ਼ਨ ਦੇ ਨਜ਼ਦੀਕ ਹੈਰੋਇਨ ਦੀ ਤਸਕਰੀ ਕਰਨ ਵਾਲੇ ਛੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਹੌਂਡਾ ਸਿਟੀ ਕਾਰ ਅਤੇ ਪੰਜਾਹ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੋਤੂ, ਵਾਸੀ ਸੁਲਤਾਨਵਿੰਡ ਰੋਡ ‘ਤੇ ਗੁਰੂ ਰਾਮਦਾਸ ਨਗਰ, ਮਨਦੀਪ ਸਿੰਘ ਉਰਫ ਮੋਨੂੰ, ਨਿਵਾਸੀ ਗੁਰਦੁਆਰਾ ਸਾਧ ਸੰਗਤ, ਸ਼ਰੀਫਪੁਰਾ, ਹਰਦੀਪ ਸਿੰਘ, ਵਾਸੀ ਕੋਟ ਬਾਬਾ ਦੀਪ ਸਿੰਘ, ਸੰਨੀ, ਰਵਿੰਦਰ ਸਿੰਘ, ਨੌਸ਼ਹਿਰਾ ਪਿੰਡ ਨਿਵਾਸੀ ਲਵਦੀਪ ਸਿੰਘ ਉਰਫ ਦੀਪ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਮੰਨਿਆ ਕਿ ਉਹ ਸਿਵਲ ਲਾਈਨ, ਰਣਜੀਤ ਐਵੇਨਿਊ ਅਤੇ ਕੁਝ ਹੋਰ ਇਲਾਕਿਆਂ ਵਿੱਚ ਹੈਰੋਇਨ ਵੇਚਦਾ ਸੀ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਹਿਰ ਦੇ ਕਿਹੜੇ ਥਾਣਿਆਂ ਵਿੱਚ ਇਨ੍ਹਾਂ ਮੁਲਜ਼ਮਾਂ ਦੇ ਵਿਰੁੱਧ ਐਫਆਈਆਰ ਦਰਜ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੀ ਹੋਵੇਗਾ ਕੋਈ ਵੱਡਾ ਸਿਆਸੀ ਉਲਟਫੇਰ ?
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਾਰੇ ਦੋਸ਼ੀ ਕਿਸੇ ਨੂੰ ਹੈਰੋਇਨ ਦੀ ਖੇਪ ਸਪਲਾਈ ਕਰਨ ਲਈ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚ ਰਹੇ ਸਨ। ਇਸ ਆਧਾਰ ‘ਤੇ ਪੁਲਿਸ ਨੇ ਨਾਕਾਬੰਦੀ ਲਗਾਈ। ਹੌਂਡਾ ਸਿਟੀ ਕਾਰ ਨੂੰ ਨੇੜੇ ਆਉਂਦੇ ਵੇਖ ਕੇ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਕਾਰ ਨੂੰ ਰੋਕਿਆ ਗਿਆ ਤਾਂ ਅੰਦਰੋਂ 50 ਗ੍ਰਾਮ ਹੈਰੋਇਨ, 38 ਹਜ਼ਾਰ ਰੁਪਏ ਦੀ ਡਰੱਗ ਮਨੀ, ਹੈਰੋਇਨ ਨੂੰ ਤੋਲਣ ਲਈ ਵਰਤਿਆ ਜਾਣ ਵਾਲਾ ਇਲੈਕਟ੍ਰੌਨਿਕ ਸਕੇਲ ਬਰਾਮਦ ਹੋਇਆ।
ਇਸੇ ਤਰ੍ਹਾਂ ਕੰਬੋ ਥਾਣੇ ਦੀ ਪੁਲਿਸ ਨੇ ਵੀ ਹੈਰੋਇਨ ਦੀ ਤਸਕਰੀ ਦੇ ਦੋਸ਼ ਵਿੱਚ ਬੁੱਧਵਾਰ ਸਵੇਰੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਬ ਇੰਸਪੈਕਟਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਗੁੰਮਟਾਲਾ ਦੇ ਪਿੰਡ ਮਾਲਾਵਲੀ ਦਾ ਰਹਿਣ ਵਾਲਾ ਹਰਪਾਲ ਸਿੰਘ ਅਤੇ ਬਾਬਾ ਦੀਪ ਸਿੰਘ ਕਲੋਨੀ ਛੇਹਰਟਾ ਦਾ ਰਹਿਣ ਵਾਲਾ ਅਮਨਪ੍ਰੀਤ ਸਿੰਘ ਹੈਰੋਇਨ ਦੇਣ ਜਾ ਰਿਹਾ ਸੀ। ਪੁਲੀਸ ਨੇ ਨਾਕਾਬੰਦੀ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਪੰਜਾਹ ਗ੍ਰਾਮ ਹੈਰੋਇਨ ਬਰਾਮਦ ਹੋਈ।