ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਝੋਨੇ ਦੀ ਸਰਕਾਰੀ ਖਰੀਦ 10 ਦਿਨ ਦੇਰ ਨਾਲ ਕਰਨ ‘ਤੇ ਪੰਜਾਬ ਸਰਾਕਰ ਉੱਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਖੇਤੀਬਾੜੀ ‘ਤੇ ਨਿਰਭਰ ਹੈ। ਝੋਨੇ ਦੀ ਖਰੀਦ ਹਰ ਸਾਲ ਅਕਤੂਬਰ ਵਿੱਚ ਸ਼ੁਰੂ ਹੁੰਦੀ ਹੈ। ਇਸ ਵਾਰ ਪੰਜਾਬ ਸਰਕਾਰ ਨੇ ਨਮੀ ਦਾ ਹਵਾਲਾ ਦਿੰਦੇ ਹੋਏ ਇਸ ਵਿੱਚ 10 ਦਿਨ ਦੀ ਦੇਰ ਕਰ ਦਿੱਤੀ ਹੈ। ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਹੈ। ਅਸੀਂ ਨਮੀ ਦੀ ਜਾਂਚ ਕੀਤੀ, ਇਹ 12.9 ਹੈ ਤੇ ਖਰੀਦ ਕੀਤੀ ਜਾ ਸਕਦੀ ਹੈ।
ਸੁਖਬੀਰ ਬਾਦਲ ਨੇ ਮੰਡੀਆਂ ’ਚ ਖ਼ਰੀਦ ਲਈ ਫ਼ਸਲ ਲੈ ਕੇ ਪੁੱਜੇ ਕਿਸਾਨਾਂ ਨਾਲ ਗੱਲਬਾਤ ਕੀਤੀ। ਅਕਾਲੀ ਦਲ ਪ੍ਰਧਾਨ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨ-ਵਿਰੋਧੀ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਝੋਨੇ ਦੀ ਇੱਕ ਟਰਾਲੀ ਐਫਸੀਆਈ ਦਫਤਰ, ਚੰਡੀਗੜ੍ਹ ਲੈ ਕੇ ਗਏ ਅਤੇ ਉੱਚ ਨਮੀ ਦੇ ਬਹਾਨੇ ਦਾ ਪਰਦਾਫਾਸ਼ ਕੀਤਾ, ਇਸ ਵਿੱਚ ਨਮੀ ਦੀ ਮਾਤਰਾ ਬਹੁਤ ਘੱਟ ਨਿਕਲੀ ਅਤੇ ਖਰੀਦ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖਰੀਦ ਵਿੱਚ ਦੇਰੀ ਸਾਡੇ ਕਿਸਾਨਾਂ ਦੀਆਂ ਮੁਸੀਬਤਾਂ ਨੂੰ ਹੋਰ ਵਧਾਏਗੀ ਅਤੇ ਅਕਾਲੀ ਦਲ ਅਜਿਹਾ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।
ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਸਮੇਤ ਆੜ੍ਹਤੀ ਐਸੋਸੀਏਸ਼ਨ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਅੰਦੋਲਨ ਦੀ ਚਿਤਾਵਨੀ ਦਿੱਤੀ ਹੈ। ਹਰਿਆਣਾ ਸਰਕਾਰ ਨੇ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਸਿਆਸੀ ਸੰਕਟ ਵਿਚਾਲੇ ਹੁਣ ‘ਸਾਮਨਾ’ ਵਿਚ ਸ਼ਿਵ ਸੈਨਾ ਦਾ ਕਾਂਗਰਸ ‘ਤੇ ਹਮਲਾ
ਇਸ ਦੇ ਲਈ ਸਾਰੀਆਂ ਮੰਡੀਆਂ ਵਿੱਚ ਤਿਆਰੀਆਂ ਵੀ ਕਰ ਲਈਆਂ ਗਈਆਂ ਹਨ। ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਮੀਂਹ ਕਾਰਨ ਝੋਨੇ ਦੀ ਫਸਲ ਅਜੇ ਪੂਰੀ ਤਰ੍ਹਾਂ ਪੱਕੀ ਨਹੀਂ ਹੋਈ ਹੈ ਅਤੇ ਨਾਲ ਹੀ ਇਸ ਕਾਰਨ ਫਸਲ ਵਿੱਚ ਨਮੀ ਵੀ ਹੈ। ਇਸ ਕਾਰਨ ਹੁਣ ਐਮਐਸਪੀ ‘ਤੇ ਝੋਨੇ ਦੀ ਖਰੀਦ 11 ਅਕਤੂਬਰ ਤੋਂ ਸ਼ੁਰੂ ਹੋਵੇਗੀ।