ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ‘ਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਲਈ ਸੂਬੇ ਭਰ ‘ਚ ਪ੍ਰਸਾਸ਼ਨ ਵਲੋਂ ਤਿਆਰੀਆਂ ਅਰੰਭੀਆਂ ਗਈਆਂ ਹਨ। ਅੱਜ ਇੱਥੇ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਿਦਆਂ ਕਿਹਾ ਕਿ ਕੋਵਿਡ ਦੀ ਸਥਿੱਤੀ ਦੇ ਮੱਦੇਨਜ਼ਰ ਸੂਬੇ ‘ਚ ਵਿਧਾਨ ਸਭਾ ਚੋਣਾ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਨੂੰ ਬੂਥ ਲੈਵਲ ਤੱਕ ਯਕੀਨੀ ਬਣਾਇਆ ਜਾਵੇਗਾ, ਜਿਸ ਲਈ ਤਿਆਰੀਆਂ ਹੁਣ ਤੋਂ ਹੀ ਅਰੰਭ ਕਰ ਦੇਣੀਆਂ ਚਾਹੀਦੀਆਂ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਵਾਰ ਕੋਵਿਡ ਨੂੰ ਦੇਖਦਿਆਂ ਚੋਣਾ ਲਈ ਪੋਲਿੰਗ ਬੂਥਾਂ ਦੀ ਗਿਣਤੀ ਵਧਾਈ ਗਈ ਹੈ ਤਾਂ ਜੋ ਪੋਲਿੰਗ ਬੂਥਾਂ ‘ਤੇ ਜਿਆਦਾ ਭੀੜ ਨਾ ਹੋਵੇ। ਉਨ੍ਹਾਂ ਦੱਸਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੋਲਿੰਗ ਬੂਥ `ਤੇ ਵੱਧ ਤੋਂ ਵੱਧ ਵੋਟਰਾਂ ਦੀ ਗਿਣਤੀ 1200 ਨਿਰਧਾਰਤ ਕੀਤੀ ਗਈ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਪੋਲਿੰਗ ਬੂਥਾਂ ਦੀ ਨਿੱਜੀ ਵੈਰੀਫਿਕੇਸ਼ਨ ਕੀਤੀ ਜਾਵੇ ਅਤੇ ਖਾਸ ਕਰਕੇ ਸ਼ਹਿਰੀ ਖੇਤਰਾਂ ਵਿਚ ਲੋਕਾਂ ਦੇ ਪੋਲਿੰਗ ਬੂਥ ਦੇ ਵੋਟਰਾਂ ਦੇ ਅੰਦਰ ਜਾਣ ਅਤੇ ਬਾਹਰ ਆਉਣ ਦੇ ਰਸਤਿਆਂ ਦੀ ਨਿਸ਼ਾਨ ਦੇਹੀ ਸਹੀ ਸਹੀ ਢੰਗ ਨਾਲ ਕਰ ਲਈ ਜਾਵੇ ਤਾਂ ਜੋ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੰਦਿਆਂ ਕਿਹਾ ਕਿ ਕਿਉਂਕਿ ਰੂਪਨਗਰ ਜ਼ਿਲ੍ਹੇ ਦੀ ਹੱਦ ਦਾ ਵੱਡਾ ਹਿੱਸਾ ਹਿਮਾਚਲ ਪ੍ਰਦੇਸ਼ ਨਾਲ ਲਗਦਾ ਹੈ ਸੋ ਹਿਮਾਚਲ ਪ੍ਰੇਦਸ਼ ਨੂੰ ਸੜਕ ਅਤੇ ਕੱਚੇ ਰਸਤਿਆਂ ਬਾਰੇ ਵੀ ਪੂਰੀ ਡਿਟੇਲ ਤਿਆਰ ਕਰ ਲਈ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਜ਼ਿਲ੍ਹੇ ਅਤਿ ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਬਾਰੇ ਵੀ ਰਿਪੋਰਟ ਤਿਆਰ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਜਲਦੀ ਤਿਆਰ ਕਰਕੇ ਭੇਜੀ ਜਾਵੇ ਤਾਂ ਜੋ ਇਹ ਸੂਬਾ ਚੋਣ ਕਮਿਸ਼ਨ ਨਾਲ ਸਾਂਝੀ ਕੀਤੀ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਸ਼ਿਖਾ ਸ਼ਰਮਾਂ, ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਵਿਵੇਕ ਸੀਲ ਸੋਨੀ, ਐੱਸ.ਡੀ.ਐੱਮ ਰੂਪਨਗਰ ਗੁਰੁਵਿੰਦਰ ਸਿੰਘ ਜੌਹਲ, ਐੱਸ.ਡੀ.ਐੱਮ ਸ੍ਰੀ ਅਨੰਦਪੁਰ ਸਾਹਿਬ ਕੇਸ਼ਵ ਗੋਇਲ ਅਤੇ ਹੋਰ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ।