ਨਵੀਂ ਦਿੱਲੀ : ਵਹੀਕਲ ਸਕ੍ਰੈਪਿੰਗ ਪਾਲਿਸੀ ਤਹਿਤ 15 ਸਾਲ ਤੋਂ ਪੁਰਾਣੇ ਵਾਹਨਾਂ ਲਈ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਪਾਲਿਸੀ ਦਾ ਮਕਸਦ ਪੁਰਾਣੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਸੜਕਾਂ ਤੋਂ ਹਟਾਉਣਾ ਹੈ।
ਇਸ ਸਬੰਧ ਵਿੱਚ, ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਜੀਐਸਆਰ ਨੋਟੀਫਿਕੇਸ਼ਨ, 714 (ਈ) ਮਿਤੀ 04.10.2021 ਨੂੰ ਭਾਰਤ ਦੇ ਗਜ਼ਟ ਵਿੱਚ ਜਾਰੀ ਕੀਤਾ ਹੈ, ਜੋ 1 ਅਪ੍ਰੈਲ, 2022 ਤੋਂ ਲਾਗੂ ਹੋ ਜਾਵੇਗਾ। ਇਸ ਪਾਲਿਸੀ ਤਹਿਤ ਰਜਿਸਟਰਡ ਵਾਹਨ ਸਕ੍ਰੈਪਿੰਗ ਕੇਂਦਰ ਵੱਲੋਂ ਜਾਰੀ ਕੀਤੇ ਗਏ ਸਰਟੀਫਿਕਟ ਆਫ ਡਿਪਾਜ਼ਿਟ ਦੇ ਆਧਾਰ ‘ਤੇ ਨਵੇਂ ਵਾਹਨ ਲਈ ਰਜਿਸਟ੍ਰੇਸ਼ਨ ਫੀਸ ਮੁਆਫ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ ‘ਚ ਮਾਸੂਮ ਕਿਸਾਨਾਂ ਦੇ ਕਾਤਲਾਂ ਖਿਲਾਫ ਕਾਰਵਾਈ ਨਾ ਕੀਤੇ ਜਾਣ ਦਾ ਅਕਾਲੀ ਦਲ ਨੇ ਲਿਆ ਗੰਭੀਰ ਨੋਟਿਸ
ਇਹ ਪਾਲਿਸੀ 15 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਉਤੇ ਲਾਗੂ ਹੋਵੇਗੀ। ਪਾਲਿਸੀ ਮੁਤਾਬਕ ਜੇਕਰ 15 ਸਾਲ ਤੋਂ ਵਧ ਪੁਰਾਣੇ ਵਾਹਨ ਦਾ ਫਿਟਨੈੱਸ ਸਰਟੀਫਿਕੇਟ ਟੈਸਟ ਲਿਆ ਜਾਂਦਾ ਹੈ ਤਾਂ ਉਸ ਦੀ ਫੀਸ ਜ਼ਿਆਦਾ ਹੋਵੇਗੀ। 15 ਸਾਲ ਤੋਂ ਵਧ ਪੁਰਾਣੇ ਟਰਾਂਸਪੋਰਟ ਵਾਹਨਾਂ ਤੇ ਨਿੱਜੀ ਵਾਹਨਾਂ ਲਈ ਫਿਟਨੈਸ ਸਰਟੀਫਿਕੇਟ ਫੀਸ ਅਤੇ ਰਜਿਸਟ੍ਰੇਸ਼ਨ ਫੀਸ ਦੋਹਾਂ ਲਈ ਜ਼ਿਆਦਾ ਫੀਸ ਲੱਗੇਗੀ। ਯਾਨੀ ਕਿ ਜੇਕਰ ਤੁਸੀਂ 15 ਸਾਲ ਤੋਂ ਵੱਧ ਪੁਰਾਣੇ ਵਾਹਨ ਨੂੰ ਕਬਾੜ ਵਿਚ ਨਹੀਂ ਦਿੰਦੇ ਹੋ ਤਾਂ ਤੁਹਾਨੂੰ ਹਰ ਵਾਰ ਫਿਟਨੈਸ ਸਰਟੀਫਿਕੇਟ ਤੇ ਰਜਿਸਟ੍ਰੇਸ਼ਨ ਫੀਸ ਲਈ ਜ਼ਿਆਦਾ ਫੀਸ ਚੁਕਾਉਣੀ ਹੋਵੇਗੀ।