ਪੰਜਾਬ ਪੁਲਿਸ ਵੱਲੋਂ ਨਸ਼ੇ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਥਾਂ-ਥਾਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਜਿਲ੍ਹਾ ਅੰਮ੍ਰਿਤਸਰ ਵਿਖੇ ਦਿਹਾਤੀ ਪੁਲਿਸ ਨੇ ਨਸ਼ੇ ਖਿਲਾਫ ਕਾਰਵਾਈ ਕਰਦੇ ਹੋਏ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ। ਜਦੋਂ ਪੁਲਿਸ ਨੇ 100 ਨਸ਼ੇ ਵਾਲੀਆਂ ਗੋਲੀਆਂ ਸਣੇ ਫੜੇ ਗਏ ਇੱਕ ਮੁਲਜ਼ਮ ਤੋਂ ਜਾਂਚ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਇੱਕ ਕੈਮਿਸਟ ਦੀ ਦੁਕਾਨ ਦਾ ਮਾਲਕ ਸਾਹਮਣੇ ਆਇਆ। ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 5 ਲੋਕਾਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ।
ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਅਭਿਮਨਿਊ ਰਾਣਾ ਤੇ ਕੱਥੂਨੰਗਲ ਥਾਣਾ ਦੇ ਐੱਸ. ਐੱਚ. ਓ. ਹਿਮਾਂਸ਼ੂ ਭਗਤ ਨੇ ਦੱਸਿਆ ਕਿ ਪਿੰਡ ਰਾਮ ਦੀਵਾਲੀ ਵਿਖੇ ਹਿੰਦੂਜਾ ਗੈਸ ਸਰਵਿਸ ਦੇ ਕੋਲ ਨਾਕਾਬੰਦੀ ਕਰਕੇ ਮੁਲਜ਼ਮ ਨੂੰ 100 ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ ਤੋਂ ਪੁੱਛਗਿਛ ਕੀਤੀ ਗਈ ਤਾਂ ਦੋਸ਼ੀ ਨੇ ਕਬੂਲਿਆ ਕਿ ਉਹ ਭੁੱਲਰ ਨਾਂ ਦੇ ਮੈਡੀਕਲ ਸਟੋਰ ਤੋਂ ਇਹ ਗੋਲੀਆਂ ਖਰੀਦਦਾ ਹੈ। ਡਰੱਗ ਇੰਸਪੈਕਟਰ ਸੁਖਦੀਪ ਸਿੰਘ ਵੱਲੋਂ ਸਟੋਰ ‘ਤੇ ਛਾਪਾ ਮਾਰਿਆ ਗਿਆ ਤੇ ਉਥੋਂ 780 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ‘ਚ ਸ਼ਹੀਦ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇ 50-50 ਲੱਖ ਦਾ ਮੁਆਵਜ਼ਾ : ਚਰਨਜੀਤ ਸਿੰਘ ਬਰਾੜ
ਜਾਂਚ ਨੂੰ ਅੱਗੇ ਵਧਾਉਂਦਿਆਂ ਪੁਲਿਸ ਵੱਲੋਂ ਪਿੰਡ ਕਟੜਾ ਸ਼ੇਰ ਸਿੰਘ ਦੇ ਇਕ ਸਟਾਕਿਸਟ ਦੀ ਦੁਕਾਨ ‘ਤੇ ਰੇਡ ਮਾਰੀ ਗਈ। ਪੁਲਿਸ ਨੇ ਸਟੋਰ ਦੇ ਮਾਲਕ ਨਵੀਨ ਗੁਪਤਾ ਤੋਂ 13 ਹਜ਼ਾਰ 539 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਜਾਂਚ ਇਥੇ ਵੀ ਨਹੀਂ ਰੁਕੀ। ਹੁਣ ਇੱਕ ਹੋਰ ਸਪਲਾਇਰ ਦਾ ਨਾਂ ਸਾਹਮਣੇ ਆਇਆ ਹੈ। ਨਵੀਨ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਇਹ ਸਪਲਾਈ ਗੇਟ ਹਕੀਮਨ ਦੇ ਕੋਲ ਫਤਿਹ ਸਿੰਘ ਕਾਲੋਨੀ ਸਥਿਤ ਐਸਐਸ ਫਾਰਮਾਸਿਊਟੀਕਲ ਤੋਂ ਖਰੀਦਦਾ ਹੈ।
ਪੁਲਿਸ ਵੱਲੋਂ ਫਾਰਮਾਸਿਊਟੀਕਲ ਦੇ ਮਾਲਕ ਮਨੀਸ਼ ਕੁਮਾਰ ਤੋਂ ਪੁੱਛਗਿਛ ਕੀਤੀ ਗਈ। ਜਾਂਚ ਵਿਚ ਮਨੀਸ਼ ਤੋਂ 1.80 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਤੋਂ ਬਾਅਦ ਗੁਰੂ ਕ੍ਰਿਪਾ ਨਾਂ ਦੇ ਮੈਡੀਕਲ ਸਟੋਰ ‘ਤੇ ਛਾਪਾ ਮਾਰਿਆ ਗਿਆ। ਭਣਕ ਲੱਗਦਿਆਂ ਹੀ ਸਟੋਰ ਮਾਲਕ ਵਿਵੇਕ ਮਹਾਜਨ ਫਰਾਰ ਹੋ ਚੁੱਕਾ ਸੀ ਪਰ ਪੁਲਿਸ ਵੱਲੋਂ ਅਜੇ ਵੀ ਜਾਂਚ ਜਾਰੀ ਹੈ ਤੇ ਜਲਦ ਹੀ ਇਸ ਕੜੀ ਨਾਲ ਜੁੜੇ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।