ਕੈਪਟਨ ਦੇ ਅਸਤੀਫਾ ਦੇਣ ਤੋਂ ਬਾਅਦ ਇੰਝ ਲੱਗ ਰਿਹਾ ਸੀ ਕਿ ਕਾਂਗਰਸ ਵਿਚਲਾ ਕਾਟੋ ਕਲੇਸ਼ ਹੁਣ ਖਤਮ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਗਿਆ ਪਰ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫਾ ਦੇਣ ਮਗਰੋਂ ਪੰਜਾਬ ਕਾਂਗਰਸ ਵਿਚ ਫਿਰ ਤੋਂ ਬਵਾਲ ਸ਼ੁਰੂ ਹੋ ਗਿਆ। ਕਾਂਗਰਸ ਹਾਈਕਮਾਂਡ ਵੱਲੋਂ ਅਜੇ ਤੱਕ ਇਸ ‘ਤੇ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਹੈ।
ਪੰਜਾਬ ਦੀ ਸਿਆਸਤ ਵਿਚ ਆਉਣ ਵਾਲਾ ਹਫਤਾ ਕਾਫੀ ਅਹਿਮ ਹੋ ਸਕਦਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਜਾ ਸਕਦਾ ਹੈ ਤੇ ਹਰੇਕ ਦੀਆਂ ਨਜ਼ਰਾਂ ਕੈਪਟਨ ਦੇ ਐਲਾਨ ‘ਤੇ ਹੀ ਟਿਕੀਆਂ ਹੋਈਆਂ ਹਨ। ਇੱਕ ਹਫਤੇ ਵਿਚ ਕੈਪਟਨ ਦਾ ਇਹ ਦੂਜਾ ਦਿੱਲੀ ਦੌਰਾ ਹੈ। ਹਾਈਕਮਾਂਡ ਉਨ੍ਹਾਂ ਦੇ ਹਰ ਕਦਮ ‘ਤੇ ਨਜ਼ਰ ਟਿਕਾਏ ਹੋਏ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਕੈਪਟਨ ਵੱਲੋਂ ਫਿਰ ਤੋਂ ਜੱਟ ਮਹਾਸਭਾ ਨੂੰ ਗਠਿਤ ਕਰਕੇ ਨਵੀਂ ਪਾਰਟੀ ਬਣਾਈ ਜਾਵੇ। ਕੈਪਟਨ ਆਪਣੀ ਰਣਨੀਤੀ ਦਾ ਐਲਾਨ ਆਉਣ ਵਾਲੇ ਹਫਤੇ ਕਰ ਸਕਦੇ ਹਨ।
ਇਹ ਵੀ ਪੜ੍ਹੋ : ਬਿਜਲੀ ਸੰਕਟ ਨੂੰ ਘੱਟ ਕਰਨ ਲਈ ਬੱਸ ਸਟੈਂਡ ਤੇ ਡਿਪੂ ਇਮਾਰਤਾਂ ਦੀਆਂ ਛੱਤਾਂ ‘ਤੇ ਸੋਲਰ ਪੈਨਲ ਲਗਾਉਣ ਦੀ ਤਿਆਰੀ ‘ਚ ਰੋਡਵੇਜ਼
ਕੈਪਟਨ ਅਮਰਿੰਦਰ ਸਿੰਘ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ, ਜਿਸ ਨਾਲ ਹਾਈਕਮਾਂਡ ਦੀ ਬੇਚੈਨੀ ਹੋਰ ਵੱਧ ਗਈ ਹੈ। ਕਾਂਗਰਸ ਪਾਰਟੀ ਛੱਡਣ ਬਾਰੇ ਤਾਂ ਕੈਪਟਨ ਐਲਾਨ ਕਰ ਚੁੱਕੇ ਹਨ ਪਰ ਭਾਜਪਾ ‘ਚ ਸ਼ਾਮਲ ਹੋਣ ਜਾਂ ਨਾ ਹੋਣ ਬਾਰੇ ਉਨ੍ਹਾਂ ਕੋਈ ਖੁਲਾਸਾ ਨਹੀਂ ਕੀਤਾ। ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੁਣ ਮੋਦੀ ਨਾਲ ਕੈਪਟਨ ਦੀ ਮੁਲਾਕਾਤ ਤੋਂ ਕਾਫੀ ਕੁਝ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਲਗਭਗ ਡੇਢ ਦਰਜਨ ਕਾਂਗਰਸੀ ਵਿਧਾਇਕ ਕੈਪਟਨ ਅਮਰਿੰਦਰ ਦੇ ਸੰਪਰਕ ਵਿਚ ਹਨ। ਦੂਜੇ ਪਾਸੇ ਹਰੀਸ਼ ਚੌਧਰੀ ਮੁੱਖ ਮੰਤਰੀ ਚੰਨੀ ਤੇ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸਿੱਧੂ ਵਿਚ ਦੂਰੀਆਂ ਨੂੰ ਮਿਟਾਉਣ ਲਈ ਰਣਨੀਤੀ ਘੜ ਰਹੇ ਹਨ ਤਾਂ ਕਿ ਸਮਾਂ ਰਹਿੰਦਿਆਂ ਹਾਲਾਤਾਂ ‘ਤੇ ਕੰਟਰੋਲ ਕੀਤਾ ਜਾ ਸਕੇ।