ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸੱਤਾ ਵਿਚ ਆਉਣ ’ਤੇ ਅਕਾਲੀ ਦਲ ਤੇ ਬਸਪਾ ਗਠਜੋੜ 2022 ਵਿਚ ਕਾਂਸ਼ੀ ਰਾਮ ਪੇਂਡੂ ਵਿਕਾਸ ਸਕੀਮ ਲਾਗੂ ਕਰੇਗਾ ਜਿਸ ਤਹਿਤ 50 ਫੀਸਦੀ ਐਸਸੀ ਆਬਾਦੀ ਵਾਲੇ ਪਿੰਡਾਂ ਨੂੰ 50 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਜਾਵੇਗੀ।
ਅਕਾਲੀ ਦਲ ਦੇ ਪ੍ਰਧਾਨ ਜੋ ਬਾਬੂ ਕਾਂਸ਼ੀ ਰਾਮ ਦੀ 15ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਹਾ ਕਿ ਇਹ ਸਕੀਮ ਐਸਸੀ ਆਬਾਦੀ ਲਈ ਬਹੁਤ ਲਾਭਕਾਰੀ ਹੋਵੇਗੀ ਕਿਉਂਕਿ ਵਿਸ਼ੇਸ਼ ਗਰਾਂਟ ਦੀ ਬਦੌਲਤ ਜਲ ਸਪਲਾਈ ਤੇ ਡਰੇਨੇਜ ਪ੍ਰਾਜੈਕਟਾਂ ਵਿਚ ਤੇਜ਼ੀ ਆਵੇਗੀ ਤੇ ਪਿੰਡਾਂ ਵਿਚ ਸਟ੍ਰੀਟ ਲਾਈਟਾਂ ਲੱਗ ਸਕਣਗੀਆਂ ਤੇ ਫੁੱਟਪਾਥ ਵੀ ਬਣ ਸਕਣਗੇ। ਉਨ੍ਹਾਂ ਕਿਹਾ ਕਿ ਇਹ ਇਨ੍ਹਾਂ ਪਿੰਡਾਂ ਨੂੰ ਮਾਡਲ ਪਿੰਡਾਂ ਵਿਚ ਤਬਦੀਲ ਕਰਨ ਦੀ ਇਕ ਸ਼ੁਰੂਆਤ ਹੋਵੇਗੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਜ਼ਿਲ੍ਹਾ ਪੱਧਰ ’ਤੇ ਮੈਡੀਕਲ ਕਾਲਜ ਬਣਾਉਣ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਬਾਬੂ ਕਾਂਸ਼ੀ ਰਾਮ ਦੇ ਨਾਂ ’ਤੇ ਮਲਟੀ ਸਪੈਸ਼ਲਟੀ ਹਸਪਤਾਲ ਬਣਾਇਆ ਜਾਵੇਗਾ ਤੇ ਦੋਆਬਾ ਵਿਚ ਡਾ. ਬੀ ਆਰ ਅੰਬੇਡਕਰ ਦੇ ਨਾਂ ’ਤੇ ਇਕ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਐਸਸੀ ਤੇ ਪੱਛੜੀਆਂ ਸ਼੍ਰੇਣੀਆਂ ਦੇ ਕਮਜ਼ੋਰ ਵਰਗਾਂ ਲਈ 5-5 ਲੱਖ ਘਰ ਬਣਾ ਕੇ ਦੇਣ ਲਈ ਵੀ ਵਚਨਬੱਧ ਹਾਂ।
ਉਹਨਾਂ ਕਿਹਾ ਕਿ ਹਰ ਸਾਲ ਦੋਵਾਂ ਭਾਈਚਾਰਿਆਂ ਦੇ ਮੈਂਬਰਾਂ ਨੂੰ ਇਕ ਇਕ ਲੱਖ ਘਰ ਬਣਾ ਕੇ ਦਿੱਤੇ ਜਾਇਆ ਕਰਨਗੇ। ਉਹਨਾਂ ਕਿਹਾ ਕਿ ਅਸੀਂ ਐਸਸੀ ਤੇ ਬੀਸੀ ਵਰਗ ਨੂੰ ਦੋ ਵਿਭਾਗਾਂ ਵਿਚ ਵੰਡ ਕੇ ਯਕੀਨੀ ਬਣਾਵਾਂਗੇ ਕਿ ਐਸਸੀ ਤੇ ਬੀਸੀ ਵਰਗ ਦਾ ਵਿਕਾਸ ਯਕੀਨੀ ਬਣਾਇਆ ਜਾ ਸਕੇ।
ਜਦੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਕੀਤੀ ਗਈ ਕਥਿਤ ਭੁੱਖ ਹੜਤਾਲ ਬਾਰੇ ਪੁੱਛਿਆ ਗਿਆ ਤਾਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਨਾ ਸਿਰਫ ਭੁੱਖ ਹੜਤਾਲ ਦੇ ਨਾਂ ’ਤੇ ਡਰਾਮਾ ਕੀਤਾ ਬਲਕਿ ਪੱਤਰਕਾਰ ਰਮਨ ਕਸ਼ਯਪ ਦੀ ਰਿਹਾਇਸ਼ ’ਤੇ ਇਹ ਡਰਾਮਾ ਕਰ ਕੇ ਉਹਨਾਂ ਦੀ ਯਾਦ ਦਾ ਵੀ ਅਪਮਾਨ ਕੀਤਾ।
ਉਹਨਾਂ ਕਿਹਾ ਕਿ ਤੁਸੀਂ ਦੱਸੋ ਕਿ ਇਕ ਵਿਅਕਤੀ ਨੇ ਰਾਤ ਨੂੰ ਰੱਜ ਕੇ ਰੋਟੀ ਖਾਧੀ ਤੇ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਹੀ ਭੁੱਖ ਹੜਤਾਲ ਖਤਮ ਕਰ ਦਿੱਤੀ ਤਾਂ ਕੀ ਇਹ ਭੁੱਖ ਹੜਤਾਲ ਹੁੰਦੀ ਹੈ? ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਿੱਧੂ ਨੇ ਕੈਮਰਿਆਂ ਦਾ ਧਿਆਨ ਖਿੱਚਣ ਵਾਸਤੇ ਇਹ ਸਰਕਸ ਕੀਤੀ ਜਦਕਿ ਉਸਨੂੰ ਕੇਂਦਰੀ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੀ ਗੱਡੀ ਹੇਠ ਕੁਚਲੇ ਗਏ ਚਾਰ ਕਿਸਾਨਾਂ ਤੇ ਪੱਤਰਕਾਰ ਲਈ ਨਿਆਂ ਯਕੀਨੀ ਬਣਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ।
ਉਹਨਾਂ ਕਿਹਾ ਕਿ ਇਹ ਹੋਰ ਵੀ ਮੰਦਭਾਗੀ ਗੱਲ ਹੈ ਕਿ ਸਿੱਧੂ ਨੇ ਅਸ਼ੀਸ਼ ਵੱਲੋਂ ਪੁੱਛ-ਗਿੱਛ ਲਈ ਪੇਸ਼ ਹੋਣ ਦਾ ਬਹਾਨਾ ਬਣਾਇਆ ਜਦਕਿ ਕੱਲ੍ਹ ਤੋਂ ਇਹ ਸਪੱਸ਼ਟ ਹੋ ਰਿਹਾ ਸੀ ਕਿ ਉਹ ਪੁੱਛ-ਗਿੱਛ ਲਈ ਪੁਲਿਸ ਸਾਹਮਣੇ ਪੇਸ਼ ਹੋਵੇਗਾ। ਉਹਨਾਂ ਕਿਹਾ ਕਿ ਅਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਤਾਂ ਹਾਲੇ ਪੂਰੀ ਹੋਣੀ ਬਾਕੀ ਹੈ।
ਸਰਦਾਰ ਬਾਦਲ ਨੇ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਵਿਚ ਦੇਰੀ ਦੀ ਵੀ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕੀਤਾ ਜਾਵੇ ਜਿਹਨਾਂ ਨੇ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਖਿਲਾਫ ਹਿੰਸਾ ਭੜਕਾ ਕੇ ਲਖੀਮਪੁਰ ਖੀਰੀ ਦਾ ਮਾਹੌਲ ਖਰਾਬ ਕੀਤਾ ਹੈ।
ਇਹ ਵੀ ਵੇਖੋ :
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਇਸ ਤੋਂ ਪਹਿਲਾਂ ਸਰਦਾਰ ਬਾਦਲ ਨੇ ਬਾਬੂ ਕਾਂਸ਼ੀ ਰਾਮ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਬਹੁਜਨ ਆਗੂ ਨੇ ਦੇਸ਼ ਭਰ ਵਿਚ ਸਮਾਜ ਦੇ ਦਬੇ ਕੁਚਲੇ ਲੋਕਾਂ ਵਿਚ ਜਾਗਰੂਕਤਾ ਲਿਆਂਦੀ। ਉਹਨਾਂ ਕਿਹਾ ਕਿ 1996 ਵਿਚ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੋਇਆ ਸੀ ਤੇ ਇਸਨੇ ਪੰਜਾਬ ਵਿਚ 13 ਵਿਚੋਂ 11 ਲੋਕ ਸਭਾ ਸੀਟਾਂ ਜਿੱਤ ਕੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ। ਉਹਨਾਂ ਕਿਹਾ ਕਿ ਹੁਣ ਇਕ ਵਾਰ ਫਿਰ ਤੋਂ 2022 ਵਿਚ ਇਹ ਇਤਿਹਾਸ ਦੁਹਰਾਉਣ ਦਾ ਸਬੱਬ ਬਣ ਗਿਆ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਲੈ ਕੇ ਸਿਆਸੀ ਘਮਾਸਾਨ- ਹੁਣ ਸ਼ਵੇਤ ਮਲਿਕ ਨੇ ਕਰ ਦਿੱਤਾ ਤਿੱਖਾ ਹਮਲਾ
ਇਸ ਰੈਲੀ ਨੂੰ ਹੋਰਾਂ ਤੋਂ ਇਲਾਵਾ ਰਣਧੀਰ ਸਿੰਘ ਬੈਨੀਵਾਲ, ਜਸਬੀਰ ਸਿੰਘ ਗੜ੍ਹੀ, ਡਾ. ਦਲਜੀਤ ਸਿੰਘ ਚੀਮਾ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਟੀਨੂੰ, ਬਲਦੇਵ ਖਹਿਰਾ, ਜਗਬੀਰ ਸਿੰਘ ਬਰਾੜ, ਸੋਹਣ ਸਿੰਘ ਠੰਢਲ, ਗੁਰਬਚਨ ਸਿੰਘ ਬੱਬੇਹਾਲੀ ਤੇ ਚੰਦਨ ਗਰੇਵਾਲ ਨੇ ਵੀ ਸੰਬੋਧਨ ਕੀਤਾ।