ਪਾਕਿਸਤਾਨ ਦੇ ਪ੍ਰਮਾਣੂ ਵਿਗਿਆਨੀ ਡਾ. ਅਬਦੁੱਲ ਕਾਦਿਰ ਖ਼ਾਨ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਏ. ਕੇ. ਖਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹ ਕੋਈ ਆਮ ਸਾਇੰਸਦਾਨ ਨਹੀਂ ਸਨ। ਡਾ. ਅਬਦੁੱਲ ਕਾਦਿਰ ਖ਼ਾਨ ਨੂੰ ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਪਿਤਾਮਾ ਮੰਨਿਆ ਜਾਂਦਾ ਸੀ। ਉੁਹ 85 ਸਾਲਾਂ ਦੇ ਸਨ।
ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ ਨੂੰ ਡਾ. ਅਬਦੁਲ ਕਾਦਿਰ ਦੀ ਤਬੀਅਤ ਅਚਾਨਕ ਜ਼ਿਆਦਾ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿਥੇ ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਏ। ਡਾਕਟਰਾਂ ਨੇ ਦੱਸਿਆ ਕਿ ਫੇਫੜਿਆਂ ‘ਚ ਇੰਫੈਕਸ਼ਨ ਦੀ ਵਜ੍ਹਾ ਨਾਲ ਉਨ੍ਹਾਂ ਦੀ ਮੌਤ ਹੋਈ ਹੈ।
ਡਾ. ਕਾਦਿਰ ਖਾਨ ਨੇ ਪਰਮਾਣੂ ਤਕਨੀਕ ਦੀ ਜਾਣਕਾਰੀ ਅਤੇ ਆਪਣੀਆਂ ਸੇਵਾਵਾਂ ਪਾਕਿਸਤਾਨ, ਲਿਬੀਆ, ਉੱਤਰੀ ਕੋਰੀਆ ਤੇ ਈਰਾਨ ਨੂੰ ਦਿੱਤੀਆਂ। ਇਨ੍ਹਾਂ ਦੇਸ਼ਾਂ ਦੇ ਪਰਮਾਣੂ ਪ੍ਰੋਗਰਾਮ ਵਿੱਚ ਉਹ ਇੱਕ ਅਹਿਮ ਨਾਂ ਬਣ ਕੇ ਉਭਰੇ ਸਨ। ਯੂਰਪ ਵਿੱਚ ਸਾਲਾਂ ਤੱਕ ਪਰਮਾਣੂ ਊਰਜਾ ਦੇ ਖੇਤਰ ਵਿੱਚ ਪੜ੍ਹਾਈ ਅਤੇ ਕੰਮ ਕਰ ਚੁੱਕੇ ਡਾ. ਖ਼ਾਨ ਨੂੰ ਮਿਜ਼ਾਈਲ ਬਣਾਉਣ ਦੀ ਜਾਂਚ ਵੀ ਆਉਂਦੀ ਸੀ। 1980 ਅਤੇ 1990 ਦੇ ਦਹਾਕੇ ਵਿੱਚ ਇਸਲਾਮਾਬਾਦ ਦੇ ਸਭ ਤੋਂ ਤਾਕਤਵਾਰ ਵਿਅਕਤੀ ਡਾ. ਖ਼ਾਨ ਹੀ ਸਨ। ਸਕੂਲਾਂ ਦੀਆਂ ਦੀਵਾਰਾਂ ‘ਤੇ ਉਨ੍ਹਾਂ ਦੀਆਂ ਤਸਵੀਰਾਂ ਦਿਸਦੀਆਂ ਸਨ, ਸੜਕਾਂ-ਗਲੀਆਂ ਵਿੱਚ ਉਨ੍ਹਾਂ ਦੇ ਪੋਸਟਰ ਲੱਗੇ ਹੁੰਦੇ ਸਨ। ਡਾ. ਅਬਦੁੱਲ ਕਦੀਰ ਖਾਨ ਦਾ ਜਨਮ ਅਣਵੰਡੇ ਭਾਰਤ ਦੇ ਭੋਪਾਲ ਵਿਚ ਹੋਇਆ ਸੀ। ਖਾਨ ਵੰਡ ਤੋਂ ਪਿੱਛੋਂ ਪਰਿਵਾਰ ਨਾਲ ਪਾਕਿਸਤਾਨ ਚਲੇ ਗਏ ਸਨ।