ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਬੁਖਾਰ ਅਤੇ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਨੂੰ ਤਰਲ ਪਦਾਰਥ ਹੀ ਦਿੱਤਾ ਜਾ ਰਿਹਾ ਹੈ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। 88 ਸਾਲ ਦੇ ਡਾ. ਸਿੰਘ ਦਾ ਇਲਾਜ ਏਮਜ਼ ਦੇ ਸੀ. ਐੱਨ. ਟਾਵਰ ਵਿਚ ਕੀਤਾ ਜਾ ਰਿਹਾ ਹੈ।
ਮਨਮੋਹਨ ਸਿੰਘ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਦੀ ਅਗਵਾਈ ‘ਚ ਡਾਕਟਰਾਂ ਦੀ ਇਕ ਟੀਮ ਦੀ ਨਿਗਰਾਨੀ ਵਿਚ ਹਨ। ਮਨਮੋਹਨ ਸਿੰਘ ਇਸ ਸਾਲ 19 ਅਪ੍ਰੈਲ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਨ੍ਹਾਂ ਨੂੰ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ 10 ਦਿਨ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ।
ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਵਿਚਾਰਕ ਤੇ ਵਿਦਵਾਨ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਜਨਮ 26 ਸਤੰਬਰ 1932 ਨੂੰ ਭਾਰਤ ਦੇ ਪੰਜਾਬ ਸੂਬੇ ਦੇ ਇੱਕ ਪਿੰਡ ਵਿਚ ਹੋਇਆ ਸੀ। ਉਨ੍ਹਾਂ ਨੇ 1948 ਵਿਚ ਪੰਜਾਬ ਯੂਨੀਵਰਿਸਟੀ ਤੋਂ ਮੈਟ੍ਰਿਕ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਅੱਗੇ ਦੀ ਪੜ੍ਹਾਈ ਬ੍ਰਿਟੇਨ ਦੇ ਕੈਂਬ੍ਰਿਜ ਯੂਨੀਵਰਿਸਟੀ ਤੋਂ ਹਾਸਲ ਕੀਤੀ। 1957 ਵਿਚ ਉਨ੍ਹਾਂ ਨੇ ਅਰਥ ਸ਼ਾਤਰ ਵਿਚ ਪਹਿਲੀ ਪੁਜ਼ੀਸ਼ਨ ਵਿਚ ਆਨਰਸ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ 1962 ਵਿਚ ਆਕਸਫੋਰਡ ਯੂਨੀਵਰਸਿਟੀ ਦੇ ਨਿਊਫੀਲਡ ਕਾਲਜ ਤੋਂ ਅਰਥਸ਼ਾਸਤਰ ਵਿਚ ਡੀ.ਫਿਲ ਕੀਤਾ।
ਡਾ. ਮਨਮੋਹਨ ਸਿੰਘ 1991 ਤੋਂ 1996 ਤੱਕ ਭਾਰਤ ਦੇ ਵਿੱਤ ਮੰਤਰੀ ਰਹੇ। ਆਪਣੇ ਸਿਆਸੀ ਜੀਵਨ ‘ਚ ਡਾ. ਸਿੰਘ 1991 ਤੋਂ ਭਾਰਤੀ ਰਾਜ ਸਭਾ ਦੇ ਮੈਂਬਰ ਰਹੇ ਜਿਥੇ ਉੁਹ 1998 ਤੋਂ 2004 ਤੱਕ ਵਿਰੋਧੀ ਧਿਰ ਦੇ ਨੇਤਾ ਸਨ। ਉਨ੍ਹਾਂ ਨੇ 2004 ਦੀਆਂ ਆਮ ਚੋਣਾਂ ਤੋਂ ਬਾਅਦ 22 ਮਈ 2004 ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਤੇ 22 ਮਈ 2009 ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਸਨ।
ਵੀਡੀਓ ਲਈ ਕਲਿੱਕ ਕਰੋ-