ਪੰਜਾਬ ਵਿਚ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਦੋ ਹੋਰ ਥਮਰਲ ਪਲਾਂਟ ਯੂਨਿਟਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਵੀਰਵਾਰ ਸਵੇਰੇ ਇੱਕ ਯੂਨਿਟ ਲਹਿਰਾ ਮੁਹੱਬਤ ਅਤੇ ਇੱਕ ਤਲਵੰਡੀ ਸਾਬੋ ਦਾ ਯੂਨਿਟ ਖਰਾਬ ਹੋ ਗਿਆ ਜਿਸ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਫਿਰ ਤੋਂ ਬਿਜਲੀ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਪਹਿਲਾਂ ਤੋਂ ਹੀ ਇਨ੍ਹਾਂ ਥਰਮਲ ਪਲਾਂਟਾਂ ਦੇ ਇੱਕ-ਇੱਕ ਯੂਨਿਟ ਬੰਦ ਹਨ।
ਪੀ. ਐੱਸ. ਪੀ. ਸੀ. ਐੱਲ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਸਾਡੇ ਕੋਲ ਤਲਵੰਡੀ ਸਾਬੋ ਵਿਖੇ ਦੋ 660 ਮੈਗਾਵਾਟ ਯੂਨਿਟ, ਲਹਿਰਾ ਮੁਹੱਬਤ ਵਿਖੇ 210 ਤੇ 250 ਮੈਗਾਵਾਟ ਵਾਲੇ ਯੂਨਿਟ ਤੇ ਰੋਪੜ ਵਿਚ 210 ਮੈਗਾਵਾਟ ਯੂਨਿਟ ਹਨ ਜੋ ਕਿ ਕੰਮ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੌਸਮ ਵਿਚ ਆਈ ਤਬਦੀਲੀ ਦੀ ਵਜ੍ਹਾ ਨਾਲ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਅਗਲੇ 4 ਦਿਨਾਂ ਤੱਕ ਇਸ ਬਿਜਲੀ ਸੰਕਟ ਤੋਂ ਨਿਜਾਤ ਮਿਲ ਸਕਦੀ ਹੈ ਤੇ ਨਾਲ ਹੀ ਖੇਤੀ ਖੇਤਰ ਵਿਚ ਮੰਗ ਘੱਟ ਹੋਣ ਕਾਰਨ ਰਾਹਤ ਹੈ।
ਦੱਸਣਯੋਗ ਹੈ ਕਿ ਕਿ ਬਿਜਲੀ ਕੱਟਾਂ ਦੇ ਚੱਲਦਿਆਂ ਜ਼ਿਆਦਾਤਰ ਉਦਯੋਗਿਕ ਇਕਾਈਆਂ ਜਨਰੇਟਰਾਂ ਦੇ ਸਹਾਰੇ ਚੱਲ ਰਹੀਆਂ ਹਨ। ਪਰ ਇਨ੍ਹਾਂ ਨੂੰ ਚਲਾਉਣ ਵਿਚ ਪ੍ਰਤੀ ਯੂਨਿਟ 17 ਰੁਪਏ ਜਾਂ ਇਸ ਤੋਂ ਜ਼ਿਆਦਾ ਦਾ ਖਰਚਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ 3 ਤੋਂ 5 ਘੰਟਿਆਂ ਦੇ ਕੱਟ ਲੱਗ ਰਹੇ ਹਨ, ਜਿਸ ਕਾਰਨ ਉਤਪਾਦਨ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਲਗਾਤਾਰ ਬਿਜਲੀ ਕੱਟਾਂ ਕਾਰਨ ਸਟੀਲ ਜਾਂ ਪਲਾਸਟਿਕ ਉਦਯੋਗਾਂ ਨੂੰ ਚਲਾਉਣਾ ਮੁਸ਼ਕਲ ਹੋ ਰਿਹਾ ਹੈ। ਇਸ ਨਾਲ ਉਤਪਾਦਨ ਦੀ ਲਾਗਤ ਵਧ ਰਹੀ ਹੈ ਅਤੇ ਮਜ਼ਦੂਰਾਂ ਵਿੱਚ ਬੇਚੈਨੀ ਹੈ ਕਿਉਂਕਿ ਉਹ ਲੰਮੇ ਸਮੇਂ ਤੱਕ ਵਿਹਲੇ ਬੈਠਣ ਲਈ ਮਜਬੂਰ ਹਨ।