ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਗਲੇ ਤਿੰਨ ਮਹੀਨਿਆਂ ਲਈ ਆਪਣੀ ਕੁਰਸੀ ਬਚਾ ਕੇ ਸੱਤਾ ’ਤੇ ਬਣੇ ਰਹਿਣ ਲਈ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਕਰ ਰਹੇ ਹਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਲਈ ਕੇਂਦਰ ਸਰਕਾਰ ਦੇ ਫੈਸਲੇ ਵਾਸਤੇ ਸਹਿਮਤੀ ਦੇ ਕੇ ਸੂਬੇ ਦੇ ਹਿੱਤ ਵੇਚੇ ਹਨ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਕੇਂਦਰੀ ਬਲਾਂ ਨੁੰ ਹੁਣ ਤਕਰੀਬਨ ਅੱਧੇ ਸੂਬੇ ਵਿਚ ਪੁਲਿਸ ਦੀਆਂ ਤਾਕਤਾਂ ਮਿਲ ਗਈਆਂ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਸਿਰਫ ਤਸਵੀਰਾਂ ਖਿੱਚਵਾਉਣ ’ਤੇ ਹੀ ਜ਼ੋਰ ਨਾ ਦੇਣ ਬਲਕਿ ਪੰਜਾਬੀ ਉਹਨਾਂ ਤੋਂ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਅਨਿਆਂ ਖਿਲਾਫ ਫੈਸਲਾਕੁੰਨ ਕਾਰਵਾਈ ਦੀ ਉਮੀਦ ਰੱਖਦੇ ਹਨ। ਉਹਨਾਂ ਕਿਹਾ ਕਿ ਪੰਜਾਬੀ ਇਹ ਵੀ ਚਾਹੁੰਦੇ ਹਨ ਕਿ ਤੁਸੀਂ ਐਸਸੀ ਭਾਈਚਾਰੇ ਨਾਲ ਕੋਈ ਧੱਕੇਸ਼ਾਹੀ ਨਾ ਕਰੋ, ਖਾਸ ਤੌਰ ’ਤੇ ਤੁਹਾਡੇ ਕੈਬਨਿਟ ਦੇ ਸਾਥੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ਗਏ ਐਸਸੀ ਸਕਾਲਰਸ਼ਿਪ ਘੁਟਾਲੇ ਦਾ ਨਿਆਂ ਵੀ ਐਸਸੀ ਵਿਦਿਆਰਥੀਆਂ ਨੂੰ ਦਿਓ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਵੱਲੋਂ ਪਹਿਲਾਂ ਕੈਬਨਿਟ ਮੰਤਰੀ ਹੁੰਦਿਆਂ ਕਮਜ਼ੋਰ ਵਰਗਾਂ ਦੀ ਭਲਾਈ ਦੀ ਗੱਲ ਨਾ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਲੱਖਾਂ ਬੀਪੀਐਲ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਗਏ ਪਰ ਤੁਸੀਂ ਕਦੇ ਵੀ ਉਹਨਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਨਹੀਂ ਕੀਤੀ। ਉਹਨਾਂ ਕਿਹਾ ਕਿ ਹੁਣ ਵੀ ਤੁਸੀਂ ਉਹਨਾਂ ਦੇ ਇਹ ਲਾਭ ਬਹਾਲ ਕਰਨ ਵਾਸਤੇ ਕੋਈ ਯਤਨ ਨਹੀਂ ਕਰ ਰਹੇ ਜਿਹਨਾਂ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਹੱਕ ਖੋਹੇ ਗਏ ਸਨ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਚੰਨੀ ਬੇਅਸਰ ਮੁੱਖ ਮੰਤਰੀ ਸਾਬਤ ਹੋ ਰਹੇ ਹਨ, ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੈ ਕਿਉਂਕਿ ਉਹ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰਨ ਦੀ ਥਾਂ ’ਤੇ ਗਾਂਧੀ ਪਰਿਵਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਨੇ ਪਹਿਲਾਂ ਵੀ ਅਜਿਹਾ ਕੀਤਾ ਸੀ ਜਦੋਂ ਉਹਨਾਂ ਗਾਂਧੀ ਪਰਿਵਾਰ ਦੀਆਂ ਇੱਛਾਵਾਂ ਮੁਤਾਬਕ ਕੰਮ ਕੀਤਾ ਤੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਕਾਲੇ ਕਾਨੂੰਨ ਬਣਾਉਣ ਵਾਲੀ ਮੁੱਖ ਮੰਤਰੀਆਂ ਦੀ ਕਮੇਟੀ ਦੇ ਮੈਂਬਰ ਹੁੰਦਿਆਂ ਇਹਨਾਂ ਦੇ ਆਰਡੀਨੈਂਸ ਜਾਰੀ ਕਰਨ ਲਈ ਸਹਿਮਤੀ ਦਿੱਤੀ ਸੀ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਾਜਿੰਦਰ ਪਾਲ ਸਿੰਘ ਗਿੱਲ ਦਾ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕੀਤਾ। ਉਹਨਾਂ ਨੇ ਸਰਦਾਰ ਗਿੱਲ ਨੂੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਦੇਣ ਦਾ ਭਰੋਸਾ ਦੁਆਇਆ।
ਵੀਡੀਓ ਲਈ ਕਲਿੱਕ ਕਰੋ -:
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੇ ਰੋਡ ਸ਼ੌਅ ਵੀ ਕੱਢਿਆ। ਉਹਨਾਂ ਨੇ ਨੌਜਵਾਨਾਂ, ਡਾਕਟਰਾਂ, ਉਦਯੋਗਪਤੀਆਂ, ਵਪਾਰੀਆਂ ਤੇ ਹੋਰ ਪ੍ਰੋਫੈਸ਼ਨਲ ਲੋਕਾਂ ਨਾਲ ਮੁਲਾਕਾਤ ਕਰ ਕੇ ਉਹਨਾਂ ਵੱਲੋਂ ਪੰਜਾਬ ਪ੍ਰਤੀ ਨਜ਼ੱਰੀਆ ਜਾਦਿਆ। ਉਹਨਾਂ ਨੇ ਵਾਲਮੀਕਿ ਮੰਦਿਰ ਵਿਖੇ ਵੀ ਮੱਥਾ ਟੇਕਿਆ ਤੇ ਵਾਲਮੀਕਿ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਜਿਸ ਦੌਰਾਨ ਉਹਨਾਂ ਨੇ ਸਮਾਜ ਦੇ ਸਾਰੇ ਵਰਗਾਂ ਦਾ ਬਰਾਬਰ ਵਿਕਾਸ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਐਸਸੀ ਤੇ ਬੀਸੀ ਵਰਗ ਦੇ ਸਾਰੇ ਬੇਘਰੇ ਲੋਕਾਂ ਨੂੰ ਪੰਜ-ਪੰਜ ਲੱਖ ਘਰ ਬਣਾ ਕੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਬੀਪੀਐਲ ਪਰਿਵਾਰਾਂ ਦੀ ਅਗਵਾਈ ਕਰ ਰਹੀਆਂ ਮਹਿਲਾਵਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ ਅਤੇ ਹਰ ਖਪਤਕਾਰ ਨੂੰ 400 ਯੂਨਿਟ ਬਿਜਲੀ ਹਰ ਮਹੀਨੇ ਮੁਫਤ ਮਿਲੇਗੀ।
ਇਹ ਵੀ ਪੜ੍ਹੋ : ਨਿਹੰਗ ਨਾਰਾਇਣ ਸਿੰਘ ਨੂੰ ਲੈਣ ਲਈ ਹਰਿਆਣਾ ਪੁਲਿਸ ਦੀ ਟੀਮ ਸੋਨੀਪਤ ਤੋਂ ਹੋਈ ਰਵਾਨਾ
ਪਰਵਾਸੀ ਭਾਈਚਾਰੇ ਨਾਲ ਮੀਟਿੰਗ ਦੌਰਾਨ ਸਰਦਾਰ ਬਾਦਲ ਨੇ ਪੰਜਾਬ ਦੇ ਵਿਕਾਸ ਵਿਚ ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਦੀ ਮੰਗ ਦਾ ਸਤਿਕਾਰ ਕਰਦਿਆਂ ਉਹਨਾਂ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਨ ’ਤੇ ਪਰਵਾਸੀ ਭਲਾਈ ਬੋਰਡ ਬਣਾਇਆ ਜਾਵੇਗਾ। ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਸਾਰੇ ਪ੍ਰਵਾਸੀ ਵਰਕਰਾਂ ਨੁੰ ਸਾਰੇ ਬੁਨਿਆਦੀ ਹੱਕ ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਉਹਨਾਂ ਨੇ ਅੰਬੇਦਕਰ ਨਗਰ ਦੀਆਂ ਭੀੜੀਆਂ ਗਲੀਆਂ ਵਿਚੋਂ ਲੰਘ ਕੇ ਸਮਾਜ ਦੇ ਕਮਜ਼ੋਰ ਵਰਗਾਂ ਨੁੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਪੀਣ ਵਾਲਾ ਪਾਣੀ, ਸਹੀ ਡਰੇਨੇਜ ਵਿਵਸਥਾ ਤੇ ਉਹਨਾਂ ਦੇ ਮਕਾਨਾਂ ਦੀ ਮਲਕੀਅਤ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਅ, ਹਰੀਸ਼ ਰਾਏ ਢਾਂਡਾ, ਪ੍ਰਿਤਪਾਲ ਸਿੰਘ ਪਾਲੀ, ਰਣਜੀਤ ਸਿੰਘ ਢਿੱਲੋਂ ਅਤੇ ਮਨਪ੍ਰੀਤ ਸਿੰਘ ਇਯਾਲੀ ਵੀ ਮੌਜੂਦ ਸਨ।