ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਿਲ੍ਹਾ ਪਠਾਨਕੋਟ ਦੇ ਚੱਕੀ ਪੁਲ ਨੇੜੇ ਸਥਿਤ ਡੇਰਾ ਸਵਾਮੀ ਜਗਤਗਿਰੀ ਵਿਚ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ।
CM ਚੰਨੀ ਨੇ ਡੇਰੇ ਦੇ ਸੰਚਾਲਕ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨਾਲ ਕੈਬਨਿਟ ਮੰਤਰੀ ਅਰੁਣਾ ਚੌਧਰੀ , ਵਿਧਾਇਕ ਅਮਿੱਤ ਵਿਜ, ਵਿਧਾਇਕ ਜੋਗਿੰਦਰਪਾਲ, ਵਿਨੈ ਮਹਾਜਨ, ਸੰਜੀਵ ਬੈਂਸ ਆਦਿ ਵੀ ਮੌਜੂਦ ਸਨ। ਡੇਰਾ ਸਵਾਮੀ ਜਗਤ ਗਿਰੀ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਠਾਨਕੋਟ ਦੇ ਪ੍ਰਾਚੀਨ ਕਾਲੀ ਮਾਤਾ ਮੰਦਰ ਅਤੇ ਬਾਬਾ ਸ੍ਰੀ ਚੰਦ ਜੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬਾਠ ਸਾਹਿਬ ਵਿਖੇ ਨਤਮਸਤਕ ਹੋਣਗੇ।
ਇਸ ਤੋਂ ਪਹਿਲਾਂ ਚੰਨੀ ਨੇ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿਖੇ ਪੁੱਜ ਕੇ ‘ਮੇਰਾ ਘਰ ਮੇਰੇ ਨਾਂ’ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੋ ਪਿੰਡਾਂ ਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇ ਕਾਗ਼ਜ਼ ਵੀ ਸੌਂਪੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦੋਰਾਂਗਲਾ ਵਿੱਚ ਸਬ ਤਹਿਸੀਲ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਹੈ।
ਸੀ. ਐੱਮ. ਚੰਨੀ ਹੁਸ਼ਿਆਰਪੁਰ ਦੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਦੇ ਘਰ ਵੀ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਾਮ ਸੁੰਦਰ ਅਰੋੜਾ ਨੂੰ ਪਾਰਟੀ ਵਿਚ ਅਹਿਮ ਜ਼ਿੰਮੇਵਾਰੀ ਦੇਣ ਲਈ ਕੈਬਨਿਟ ਅਹੁਦੇ ਤੋਂ ਹਟਾਇਆ ਗਿਆ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਵਧੀਆ ਮੈਨੇਜਮੈਂਟ ਕਰ ਸਕਦੇ ਹਨ। ਹੁਸ਼ਿਆਰਪੁਰ ਦੇ ਵਿਕਾਸ ਲਈ ਉਨ੍ਹਾਂ ਨੇ 10 ਕਰੋੜ ਦੀ ਗ੍ਰਾਂਟ ਤੇ ਮੈਡੀਕਲ ਕਾਲਜ ਦੇ ਨਿਰਮਾਣ ਸਬੰਧੀ ਜਾਣਕਾਰੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ :