ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਵਿਚ ਹੁਣ ਕੁਝ ਹੀ ਮਹੀਨਿਆਂ ਦਾ ਸਮਾਂ ਹੈ, ਇਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਲੋਕ ਪੱਖੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ। ਹੁਣ ਜਲਦ ਹੀ ਬਿਜਲੀ ਸਸਤੀ ਹੋ ਸਕਦੀ ਹੈ।
ਸਿੱਖਿਆ ਤੇ ਖੇਡ ਮੰਤਰੀ ਪ੍ਰਗਟ ਸਿੰਘ ਨੇ ਦੱਸਿਆ ਕਿ ਬਿਜਲੀ ਦਰਾਂ ਨੂੰ ਲੈ ਕੇ ਪੰਜਾਬ ਸਰਕਾਰ ਜਲਦ ਹੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬਿਜਲੀ ਦਰਾਂ ਵਿਚ ਜਲਦ ਹੀ ਦੋ ਤੋਂ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕਰ ਸਕਦੀ ਹੈ। ਕੈਬਨਿਟ ਮੰਤਰੀ ਪ੍ਰਗਟ ਸਿੰਘ ਬੀਤੇ ਦਿਨੀਂ ਆਪਣੇ ਹਲਕੇ ਵਿਚ ਕਰਜ਼ਾ ਮੁਆਫੀ ਸਕੀਮ ਤਹਿਤ ਬੇਜ਼ਮੀਨੇ ਕਿਸਾਨਾਂ ਨੂੰ ਚੈੱਕ ਵੰਡਣ ਲਈ ਕਰਵਾਏ ਗਏ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਦੇ 1200 ਕਰੋੜ ਰੁਪਏ ਦੇ ਬਕਾਇਆ ਬਿਜਲੀ ਬਿੱਲ ਮੁਆਫ ਕਰਨ ਦੇ ਫੈਸਲੇ ਤੋਂ ਬਾਅਦ ਬਿਜਲੀ ਖਪਤਕਾਰਾਂ ਨੂੰ ਹੋਰ ਵੀ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ।
ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਇਸ ਸਾਲ ਨਵੰਬਰ ਦੇ ਅਖੀਰ ਤੱਕ ਹੋਰ 1200 ਲੈਕਚਰਾਰ ਭਰਤੀ ਕੀਤੇ ਜਾਣਗੇ। ਇਸ ਤੋਂ ਇਲਾਵਾ ਸਕੂਲਾਂ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਕਿੱਟਾਂ ਵੰਡਣ ਲਈ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਪਿੰਡ ਫੋਲੜੀਵਾਲ ਤੇ ਕੁੱਕੜ ਪਿੰਡ ਵਿਚ ਸਰਕਾਰੀ ਸਕੂਲ ਖੋਲ੍ਹਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਫੋਲੜੀਵਾਲਾ ਵਿਚ ਇੱਕ ਹਾਕੀ ਤੇ ਫੁੱਟਬਾਲ ਅਕੈਡਮੀ ਸਥਾਪਤ ਕੀਤੀ ਜਾਵੇ ਤੇ ਨਾਲ ਹੀ ਪਿੰਡ ਧੀਨਾ ਵਿਚ 65 ਲੱਖ ਦੀ ਲਾਗਤ ਵਾਲਾ ਮਾਡਲ ਸਪੋਰਟਸ ਪਾਰਕ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
ਬੇਅਦਬੀ ਕਰਨ ਵਾਲੇ ਬੰਦੇ ਦਾ ਸੋਧਾ ਲਾਉਣ ਵਾਲੇ ਨਿਹੰਗ ਸਿੰਘ ਦਾ ਪਰਿਵਾਰ ਆਇਆ ਸਾਹਮਣੇ, ਦੱਸੀ ਪੂਰੀ ਸਚਾਈ
ਗੌਰਤਲਬ ਹੈ ਕਿ ਅੱਜ ਮੁੱਖ ਮੰਤਰੀ ਚੰਨੀ ਵੱਲੋਂ ਕੈਬਨਿਟ ਦੀ ਬੈਠਕ ਬੁਲਾਈ ਗਈ ਸੀ ਜਿਸ ਵਿਚ ਕਈ ਵੱਡੇ ਫੈਸਲੇ ਕੀਤੇ ਗਏ। ਪਾਣੀ ਦੇ ਬਿੱਲਾਂ ਨੂੰ ਲੈ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਪਿੰਡਾਂ ਅਤੇ ਸ਼ਹਿਰਾਂ ਵਿਚ ਰਹਿੰਦੇ ਲੋਕਾਂ ਦਾ ਪਾਣੀ ਦਾ ਬਿੱਲ ਸਿਰਫ 50 ਰੁਪਏ ਆਵੇਗਾ, ਜੋ ਪਹਿਲਾਂ ਘੱਟੋ-ਘੱਟ 166 ਰੁਪਏ ਪ੍ਰਤੀ ਮਹੀਨਾ ਸੀ।