ਸਿੰਘੂ ਬਾਰਡਰ ‘ਤੇ ਲਖਬੀਰ ਸਿੰਘ ਕਤਲ ਮਾਮਲਾ ਦਿਨੋ-ਦਿਨ ਭਖਦਾ ਜਾ ਰਿਹਾ ਹੈ। ਭਾਵੇਂ 4 ਨਿਹੰਗ ਸਿੰਘਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਫਿਰ ਵੀ ਮਾਮਲਾ ਸ਼ਾਂਤ ਨਹੀਂ ਹੋ ਰਿਹਾ। ਹੁਣ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਇਸ ਪੂਰੇ ਮੁੱਦੇ ‘ਤੇ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ। ਉਨ੍ਹਾਂ ਨੇ ਇਸ ਮਾਮਲੇ ਨਾਲ ਜੁੜੇ ਨਿਹੰਗ ਸਿੰਘਾਂ ‘ਤੇ ਕਈ ਸਵਾਲ ਚੁੱਕੇ ਹਨ।
ਢੱਡਰੀਆਂ ਵਾਲਿਆਂ ਨੇ ਕਿਹਾ ਕਿ ਬੇਅਦਬੀ ਦਾ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇ ਸੱਚਮੁੱਚ ਬੇਅਦਬੀ ਹੋਈ ਹੁੰਦੀ ਤੇ ਇਸ ਦੀ ਕੋਈ ਵੀਡੀਓ ਹੁੰਦੀ ਤਾਂ ਸਾਹਮਣੇ ਜ਼ਰੂਰ ਆਉਂਦੀ ਪਰ ਅਜੇ ਤੱਕ ਅਜਿਹਾ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -:
ਬੇਅਦਬੀ ਕਰਨ ਵਾਲੇ ਬੰਦੇ ਦਾ ਸੋਧਾ ਲਾਉਣ ਵਾਲੇ ਨਿਹੰਗ ਸਿੰਘ ਦਾ ਪਰਿਵਾਰ ਆਇਆ ਸਾਹਮਣੇ, ਦੱਸੀ ਪੂਰੀ ਸਚਾਈ
ਢੱਡਰੀਆਂ ਵਾਲਿਆਂ ਨੇ ਕਿਹਾ ਕਿ ਇਸ ਤਰੀਕੇ ਨਾਲ ਗਲਤ ਰਵਾਇਤ ਪੈਣ ਦਾ ਖਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਇਲਜ਼ਾਮ ਲਗਾ ਕੇ ਲੋਕ ਆਪਣੀ ਨਿੱਜੀ ਰੰਜਿਸ਼ ਵੀ ਕੱਢ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਗੁਰਦੁਆਰੇ ਦੇ ਅੰਦਰ ਵੀ ਲੋਕ ਸੁਰੱਖਿਅਤ ਨਹੀਂ ਹਨ। ਢੱਡਰੀਆਂ ਵਾਲੇ ਨੇ ਕਿਹਾ ਕਿ ਨਿਹੰਗ ਸਿੰਘਾਂ ਦੇ ਬਿਆਨਾਂ ਵਿਚ ਵੀ ਵਿਰੋਧਾਭਾਸ ਪਾਏ ਗਏ ਹਨ। ਨਿਹੰਗ ਸਿੰਘਾਂ ਵੱਲੋਂ ਵੱਖ-ਵੱਖ ਬਿਆਨ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਉਸ ਨਾਲ ਸਿੱਖ ਕੌਮ ਲਈ ਖਤਰਾ ਪੈਦਾ ਹੋ ਸਕਦਾ ਹੈ।
ਦੱਸ ਦੇਈਏ ਕਿ ਤਰਨਤਾਰਨ ਦੇ ਰਹਿਣ ਵਾਲੇ ਲਖਬੀਰ ਸਿੰਘ ਦਾ ਦੁਸਹਿਰੇ ਵਾਲੇ ਦਿਨ ਦੁਪਹਿਰ 3 ਵਜੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਕਿਸਾਨ ਮੰਚ ਦੇ ਸਾਹਮਣੇ ਬੈਰੀਕੇਡ ‘ਤੇ ਕਈ ਘੰਟਿਆਂ ਤੱਕ ਲਟਕਦੀ ਰਹੀ। ਦੋਸ਼ ਹੈ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ।