ਕੈਪਟਨ ਅਮਰਿੰਦਰ ਸਿੰਘ ਅੱਜ ਚੰਡੀਗੜ੍ਹ ‘ਚ 11 ਵਜੇ ਪ੍ਰੈੱਸ ਕਾਨਫਰੰਸ ਕਰਨਗੇ, ਜਿਸ ਨਾਲ ਪੰਜਾਬ ਕਾਂਗਰਸ ਵਿਚ ਹਲਚਲ ਤੇਜ਼ ਹੋ ਗਈ ਹੈ। ਖਬਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸੀ ਪਾਰਟੀ ‘ਦਿ ਪੰਜਾਬ ਲੋਕ ਕਾਂਗਰਸ’ ਲਾਂਚ ਕਰਨ ਦਾ ਐਲਾਨ ਕਰ ਸਕਦੇ ਹਨ।
ਇਸ ਮੌਕੇ ਉਹ ਬੀ. ਐੱਸ. ਐੱਫ. ਮੁੱਦੇ,ਖੇਤੀ ਕਾਨੂੰਨਾਂ ਤੇ ਅਰੂਸਾ ਆਲਮ ਵਰਗੇ ਗੰਭੀਰ ਮੁੱਦਿਆਂ ‘ਤੇ ਪ੍ਰਤੀਕਿਰਿਆ ਦੇਣਗੇ। ਖਬਰ ਹੈ ਕਿ ਨਵੀਂ ਪਾਰਟੀ ਦੇ ਗਠਨ ਮੌਕੇ 10 ਤੋਂ ਵੱਧ ਕਾਂਗਰਸ ਦੇ ਵਿਧਾਇਕ ਵੀ ਕੈਪਟਨ ਨਾਲ ਮੰਚ ਸਾਂਝਾ ਕਰਨਗੇ ਜਿਸ ਵਿਚ ਉਨ੍ਹਾਂ ਦੀ ਪਤਨੀ ਸਾਂਸਦ ਪਰਨੀਤ ਕੌਰ ਵੀ ਸ਼ਾਮਲ ਹੋ ਸਕਦੀ ਹੈ। ਇਸ ਦੌਰਾਨ ਕੈਪਟਨ ਆਪਣੇ ਸਾਢੇ 4 ਸਾਲ ਦੇ ਕਾਰਜਕਾਲ ਵਿਚ ਹੋਏ ਕੰਮਾਂ ਦੀ ਰਿਪੋਰਟ ਕਾਰਡ ਪੇਸ਼ ਕਰ ਸਕਦੇ ਹਨ ਤੇ ਵਿਰੋਧੀਆਂ ‘ਤੇ ਖਾਸ ਕਰਕੇ ਕਾਂਗਰਸੀਆਂ ‘ਤੇ ਵੀ ਜ਼ੁਬਾਨੀ ਹਮਲੇ ਕਰਨਗੇ।
ਕੈਪਟਨ ਵੱਲੋਂ ਨਵੀਂ ਪਾਰਟੀ ਦੇ ਐਲਾਨ ਨਾਲ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਬਿਆਨ ਦਿੱਤੇ ਗਏ ਹਨ। ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਵੀ ਕੈਪਟਨ ਮੇਰੇ ਦੋਸਤ ਹੀ ਰਹਿਣਗੇ। ਦੂਜੇ ਪਾਸੇ ਸੁਖਜਿੰਦਰ ਰੰਧਾਵਾ ਨੇ ਬਿਆਨ ਦਿੱਤਾ ਹੈ ਕਿ ਨਵੀਂ ਪਾਰਟੀ ਬਾਰੇ ਸੋਚਣਾ ਵੀ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਹਰੀਸ਼ ਰਾਵਤ ਨੇ ਕੈਪਟਨ ਲਈ ਕਿਹਾ ਕਿ ਉਹ ਹਿੰਦੂ-ਮੁਸਲਿਮ ਦੀ ਸਿਆਸਤ ਕਰਨ ਵਾਲਿਆਂ ਦੇ ਹੱਥਾਂ ਵਿਚ ਖੇਡ ਰਹੇ ਹਨ।
ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਵਾਂਗ ਪੰਜਾਬ ਵਿੱਚ ਆਪਣਾ ਦਬਦਬਾ ਬਣਾਉਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਦੀ ਪਾਰਟੀ ਦੇ ਨਾਂ ਵਿਚ ਕਾਂਗਰਸ ਸ਼ਬਦ ਹੋ ਸਕਦਾ ਹੈ। ਬੰਗਾਲ ਵਾਂਗ ਉਹ ਪੰਜਾਬ ਵਿੱਚ ਵੀ ਕਾਂਗਰਸ ਦੇ ਬਦਲ ਵਜੋਂ ਨਵਾਂ ਸੰਗਠਨ ਬਣਾਉਣ ਦੀ ਕੋਸ਼ਿਸ਼ ਕਰਨਗੇ। ਮਮਤਾ ਬੈਨਰਜੀ ਨੇ ਵੀ ਕਾਂਗਰਸ ਨਾਲੋਂ ਨਾਤਾ ਤੋੜ ਕੇ ਮਜ਼ਬੂਤ ਸੰਗਠਨ ਬਣਾ ਲਿਆ ਹੈ। ਇਹੀ ਕੈਪਟਨ ਦੀ ਕੋਸ਼ਿਸ਼ ਹੈ। ਪਾਰਟੀ ਦੇ ਕਈ ਦਿੱਗਜ਼ ਨੇਤਾਵਾਂ ਦੀਆਂ ਨਜ਼ਰਾਂ ਕੈਪਟਨ ‘ਤੇ ਟਿਕੀਆਂ ਹੋਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਗੌਰਤਲਬ ਹੈ ਕਿ ਕੈਪਟਨ ਨੇ ਆਪਣੇ ਵਿਰੋਧੀਆਂ ‘ਤੇ ਵੱਡੇ ਇਲਜ਼ਾਮ ਲਗਾਏ ਸਨ। ਉਨ੍ਹਾਂ ਕਿਹਾ ਕਿ ਨਿੱਜੀ ਹਮਲਿਆਂ ਤੋਂ ਬਾਅਦ ਮੇਰੇ ਸਮਰਥਕਾਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਘਟੀਆ ਹਰਕਤ ਕਰਕੇ ਤੁਸੀਂ ਮੈਨੂੰ ਹਰਾ ਨਹੀਂ ਸਕਦੇ। ਮੈਂ ਉਨ੍ਹਾਂ ਤੋਂ ਡਰਨ ਵਾਲਾ ਨਹੀਂ ਹਾਂ। ਕੈਪਟਨ ਅਮਰਿੰਦਰ ਨੇ ਟਵੀਟ ਕਰਦਿਆਂ ਕਿਹਾ ਕਿ ਹੁਣ ਵਿਰੋਧੀ ਪਟਿਆਲਾ ਵਿਚ ਮੇਰੇ ਸਮਰਥਕਾਂ ਨੂੰ ਧਮਕਾਉਣ ‘ਤੇ ਉਤਾਰੂ ਹੋ ਗਏ ਹਨ। ਮੈਂ ਆਪਣੇ ਵਿਰੋਧੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਇਸ ਤਰ੍ਹਾਂ ਦੀ ਹੇਠਲੇ ਪੱਧਰ ਦੀ ਰਾਜਨੀਤੀ ਕਰਕੇ ਮੈਨੂੰ ਹਰਾ ਨਹੀਂ ਸਕਦੇ। ਉਹ ਅਜਿਹੀਆਂ ਚਾਲਾਂ ਨਾਲ ਨਾ ਤਾਂ ਵੋਟਾਂ ਜਿੱਤ ਸਕਣਗੇ ਅਤੇ ਨਾ ਹੀ ਲੋਕਾਂ ਦਾ ਦਿਲ।’