ਪੰਜਾਬ ਕੈਬਿਨੇਟ ਦੀ ਅਹਿਮ ਮੀਟਿੰਗ ਅੱਜ ਲੁਧਿਆਣਾ ਵਿਚ ਹੋਣ ਜਾ ਰਹੀ ਹੈ। ਇਹ ਮੀਟਿੰਗ ਚੰਡੀਗੜ੍ਹ ਦੀ ਥਾਂ ਲੁਧਿਆਣਾ ‘ਚ ਹੋ ਰਹੀ ਹੈ । ਲੁਧਿਆਣਾ ਦੇ ਸਰਕਿਟ ਹਾਊਸ ‘ਚ ਇਹ ਕੈਬਿਨੇਟ ਮੀਟਿੰਗ ਹੋਵੇਗੀ। ਜਾਣਕਾਰੀ ਮੁਤਾਬਕ ਚੋਣਾਂ ਤੋਂ ਪਹਿਲਾਂ ਕੈਬਨਿਟ ਮੀਟਿੰਗ ‘ਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਇਹ ਮੀਟਿੰਗ ਅਹਿਮ ਇਸ ਲਈ ਹੈ ਕਿਉਂਕਿ ਇਸ ਵਿਚ ਬੀ. ਐੱਸ. ਐੱਫ. ਦਾ ਦਾਇਰਾ ਵਧਾਉਣ ਤੇ ਖੇਤੀ ਕਾਨੂੰਨਾਂ ਖਿਲਾਫ ਸਪੈਸ਼ਲ ਸੈਸ਼ਨ ਬੁਲਾਉਣ ਬਾਰੇ ਫੈਸਲਾ ਲਿਆ ਜਾ ਸਕਦਾ ਹੈ।
ਦੋ ਦਿਨ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਰਬ ਪਾਰਟੀ ਮੀਟਿੰਗ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਬੀਐਸਐਫ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਦਾ ਫੈਸਲਾ ਇੱਕ-ਦੋ ਦਿਨਾਂ ਵਿੱਚ ਕੈਬਨਿਟ ਮੀਟਿੰਗ ਬੁਲਾ ਕੇ ਲਿਆ ਜਾਵੇਗਾ। ਇਸੇ ਲਈ ਇਹ ਮੀਟਿੰਗ ਬੁਲਾਈ ਗਈ ਹੈ। ਨਾਲ ਹੀ ਲੁਧਿਆਣਾ ਵਿਚ ਚੌਥੀ ਬਿਜ਼ਨੈੱਸ ਇਨਵੈਸਟਰਸ ਸੰਮੇਲਨ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਦੂਜੇ ਦਿਨ ਇਹ ਸੰਮੇਲਨ ਫਿਰੋਜ਼ਪੁਰ ਰੋਡ ‘ਤੇ ਇਕ ਹੋਟਲ ‘ਚ ਹੋਵੇਗਾ, ਜਿਸ ‘ਚ ਸੂਬੇ ਦੇ ਮੁੱਖ ਮੰਤਰੀ ਸਮੇਤ ਕੈਬਨਿਟ ਮੰਤਰੀ ਵੀ ਸ਼ਾਮਲ ਹੋਣਗੇ।
ਇਸ ਸੰਮੇਲਨ ‘ਚ ਲਗਭਗ 500 ਕਾਰੋਬਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਹ ਕਾਰੋਬਾਰੀ ਪੰਜਾਬ ਵਿੱਚ ਨਵੇਂ ਨਿਵੇਸ਼ ਦਾ ਐਲਾਨ ਕਰਨਗੇ। ਪਹਿਲਾਂ ਇਹ ਸੰਮੇਲਨ ਚੰਡੀਗੜ੍ਹ ਵਿੱਚ ਹੁੰਦਾ ਸੀ। ਪਰ ਚੰਨੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੰਮੇਲਨ ਚੰਡੀਗੜ੍ਹ ਤੋਂ ਬਾਹਰ ਪੰਜਾਬ ਵਿੱਚ ਹੀ ਹੋਵੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੁੱਧਵਾਰ ਨੂੰ ਪਹਿਲੀ ਵਾਰ ਲੁਧਿਆਣਾ ਆ ਰਹੇ ਹਨ। ਅਜਿਹੇ ‘ਚ ਮੰਤਰੀ ਮੰਡਲ ਦੀ ਬੈਠਕ ਵੀ ਇੱਥੇ ਰੱਖੀ ਗਈ ਹੈ। ਮੰਗਲਵਾਰ ਤੋਂ ਸਰਕਟ ਹਾਊਸ ਦੇ ਆਲੇ-ਦੁਆਲੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕੈਬਨਿਟ ਬੈਠਕ ਦੌਰਾਨ ਕੋਈ ਰੁਕਾਵਟ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਮੁੱਖ ਮੰਤਰੀ ਚੰਨੀ ਨੂੰ ਲੁਧਿਆਣਾ ਵਿਚ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਦਰਜ ਜਬਰ ਜਨਾਹ ਮਾਮਲੇ ਵਿਚ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਤੇ ਪੀੜਤ ਮਹਿਲਾ ਪੁਲਿਸ ਕਮਿਸ਼ਨਰ ਦਫਤਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੀ ਹੈ। ਨਾਲ ਹੀ ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਗਲਤ ਸ਼ਬਦ ਬੋਲਣ ਵਾਲੇ ਅਨਿਲ ਅਰੋੜਾ ਨੂੰ ਵੀ ਪੁਲਿਸ ਨੇ ਮੋਸਟ ਵਾਂਟੇਡ ਐਲਾਨਿਆ ਹੈ ਤੇ ਉਨ੍ਹਾਂ ਉਪਰ 1 ਲੱਖ ਰੁਪਏ ਦਾ ਇਨਾਮ ਰੱਖਿਆ। ਉਸ ਦੀ ਗ੍ਰਿਫਤਾਰੀ ਲਈ ਵੀ ਸਿੱਖ ਲੋਕ ਪ੍ਰਦਰਸ਼ਨ ਕਰ ਰਹੇ ਹਨ।