ਕੈਪਟਨ ਤੇ ਸਿੱਧੂ ਵਿਚਾਲੇ ਟਵੀਟ ਵਾਰ ਜਾਰੀ ਹੈ। ਸਾਬਕਾ ਮੁੱਖ ਮੰਤਰੀ ਵੱਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਕਈ ਆਪਣੀ ਨਵੀਂ ਪਾਰਟੀ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ। ਉਨ੍ਹਾਂ ਆਪਣੇ ਵਿਰੋਧੀਆਂ ਨੂੰ ਤਿੱਖੇ ਜਵਾਬ ਦਿੱਤੇ ਤੇ ਨਾਲ ਹੀ ਉਨ੍ਹਾਂ ਖੇਤੀ ਮੁੱਦਿਆਂ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਬਾਰੇ ਵੀ ਦੱਸਿਆ।
ਕੈਪਟਨ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਸਿੱਧੂ ਨੇ ਕੈਪਟਨ ਖਿਲਾਫ ‘ਟਵੀਟ ਬੰਬ’ ਸੁੱਟੇ, ਜਿਸ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇਹ ਆਦਮੀ ਕੁੱਝ ਨਹੀਂ ਜਾਣਦਾ, ਸਿਫ਼ਰ ਬਕਵਾਸ ਕਰਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮਸਲੇ ‘ਤੇ ਚਰਚਾ ਲਈ ਮੈਂ ਕੇਂਦਰੀ ਮੰਤਰੀਆਂ ਨੂੰ ਮਿਲ ਰਿਹਾ ਹਾਂ। ਉਨ੍ਹਾਂ ਕਿਹਾ ਸੂਬਾ ਉਦੋਂ ਤੱਕ ਕੁੱਝ ਨਹੀਂ ਕਰ ਸਕਦਾ ਜਦੋਂ ਤੱਕ ਕੇਂਦਰ ਨਾਲ ਰਾਬਤਾ ਨਹੀਂ ਕੀਤਾ ਜਾਂਦਾ। ਮੈਂ ਉਮੀਦ ਨਹੀਂ ਕਰ ਸਕਦਾ ਕਿ ਸਿੱਧੂ ਨੂੰ ਚੰਗੀ ਸਿਆਸਤ ਦਾ ਇਲਮ ਹੋਵੇ।
ਵੀਡੀਓ ਲਈ ਕਲਿੱਕ ਕਰੋ -:
ਸਿੱਧੂ ਨੇ ਟਵੀਟ ਕਰਕੇ ਕਿਹਾ ਸੀ ਕਿ, “ਅਸੀਂ ਕਾਂਗਰਸ ਦੇ 78 ਵਿਧਾਇਕਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਕਿ ED ਦੇ ਕੰਟਰੋਲ ਵਾਲੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਮੁੱਖ ਮੰਤਰੀ ਵਜੋਂ ਮਿਲਣਗੇ, ਜਿਨ੍ਹਾਂ ਦੀ ਨਬਜ਼ ਭਾਜਪਾ ਹੱਥ ਸੀ। ਜਿਸ ਨੇ ਆਪਣੀ ਖੱਲ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ। ਪੰਜਾਬ ਦੇ ਨਿਆਂ ਤੇ ਵਿਕਾਸ ਨੂੰ ਰੋਕਣ ਵਾਲੀ ਹਰ ਕੋਸ਼ਿਸ਼ ਕੀਤੀ।”
ਇਥੇ ਹੀ ਬਸ ਨਹੀਂ ਇਸ ਤੋਂ ਬਾਅਦ ਸਿੱਧੂ ਨੇ ਇਕ ਹੋਰ ਟਵੀਟ ਕਰਕੇ ਕੈਪਟਨ ‘ਤੇ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਤੁਸੀਂ ਮੇਰੇ ਲਈ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਹੋ ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸੀ। ਪਿਛਲੀ ਵਾਰ ਤੁਸੀਂ ਆਪਣੀ ਪਾਰਟੀ ਬਣਾਈ ਸੀ ਤੁਸੀਂ ਸਿਰਫ 856 ਵੋਟਾਂ ਹਾਸਲ ਕਰਕੇ ਆਪਣੀ ਵੋਟ ਜ਼ਬਤ ਕਰਵਾ ਲਈ ਸੀ। ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਪੰਜਾਬੀ ਤੁਹਾਨੂੰ ਸਜ਼ਾ ਦੇਣ ਦੀ ਉਡੀਕ ਵਿਚ ਹਨ।