ਹਲਵਾਰਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਚਾਰ ਦੀਵਾਰੀ ਅਤੇ ਸੜਕ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਅਜਿਹੇ ‘ਚ ਪਹਿਲੇ ਪੜਾਅ ‘ਚ ਕਾਰਗੋ ਟਰਮੀਨਲ ਦੀ ਉਸਾਰੀ ਦਾ ਕੰਮ ਵੀ 15 ਨਵੰਬਰ ਤੋਂ ਸ਼ੁਰੂ ਹੋ ਜਾਵੇਗਾ ਅਤੇ ਇਸ ਦੀ ਉਸਾਰੀ ਦਾ ਕੰਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਸ਼ੁਰੂ ਕਰਨਗੇ, ਜਿਨ੍ਹਾਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਇਹ ਕੰਮ 6 ਤੋਂ ਅੱਠ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ ਅਤੇ ਜੁਲਾਈ 2022 ਤੱਕ ਇੱਥੋਂ ਘਰੇਲੂ ਉਡਾਣ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਰਾਜ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਵਿਚਕਾਰ ਸਮਝੌਤਾ ਸਹੀਬੰਦ ਕੀਤਾ ਗਿਆ ਹੈ ਅਤੇ ਇਸ ਸਬੰਧ ਵਿਚ ਇਕ ਜੁਆਇੰਟ ਵੈਂਚਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਨਿਗਰਾਨੀ ਵਿਚ ਇਹ ਸਾਰਾ ਕੰਮ ਪੂਰਾ ਕੀਤਾ ਜਾਵੇਗਾ। ਇਸ ਵਿੱਚ 51 ਫੀਸਦੀ ਹਿੱਸੇਦਾਰੀ ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ 49 ਫੀਸਦੀ ਹਿੱਸੇਦਾਰੀ ਪੰਜਾਬ ਸਰਕਾਰ ਗਲਾਡਾ ਵੱਲੋਂ ਪਾਈ ਜਾਵੇਗੀ। ਹੁਣ ਇਹ ਪ੍ਰੋਜੈਕਟ ਸਾਲ 2022 ਵਿੱਚ ਹੀ ਪੂਰਾ ਹੋਵੇਗਾ। ਜੁਲਾਈ 2022 ਤੋਂ ਘਰੇਲੂ ਉਡਾਣ ਸ਼ੁਰੂ ਹੋਣ ਦੀ ਉਮੀਦ ਹੈ। ਮੰਡੀ ਬੋਰਡ ਦੀ ਵੱਲੋਂ ਰਾਏਕੋਟ ਮੇਨ ਰੋਡ ਤੋਂ ਪਿੰਡ ਇਟੀਆਣਾ ਜੀਜੀਐਸ ਮਾਰਗ ਤੱਕ 5.10 ਕਿਲੋਮੀਟਰ ਸੜਕ ਬਣਾਈ ਗਈ ਹੈ। ਸੜਕ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ। ਦੱਸ ਦੇਈਏ ਕਿ ਰਾਜ ਸਰਕਾਰ ਨੇ ਇਸ ਸੜਕ ਦੇ ਨਿਰਮਾਣ ਦੀ ਜ਼ਿੰਮੇਵਾਰੀ ਮੰਡੀ ਬੋਰਡ ਨੂੰ ਸੌਂਪੀ ਸੀ ਅਤੇ ਇਸ ਸੜਕ ‘ਤੇ 8.33 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਏਅਰਪੋਰਟ ਡਿਜ਼ਾਈਨ ਦੀ ਫਾਈਲ ਨੂੰ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਦੋ ਦਿਨ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਹੁਣ ਟਰਮੀਨਲ ਬਣਾਉਣ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਟੈਂਡਰ ਜਾਰੀ ਕੀਤਾ ਜਾ ਰਿਹਾ ਹੈ। ਟਰਮੀਨਲ ਬਿਲਡਿੰਗ, ਟੈਕਸੀ-ਵੇਅ, ਪਾਰਕਿੰਗ, ਏਪਰਨ ਅਤੇ ਹੋਰ ਹਵਾਈ ਅੱਡਿਆਂ ਦੇ ਅੰਦਰ ਦੇ ਕੰਮ ‘ਤੇ ਲਗਭਗ 42 ਕਰੋੜ ਰੁਪਏ ਖਰਚਣ ਲਈ ਪੀਡਬਲਯੂਡੀ ਵੱਲੋਂ ਅਨੁਮਾਨ ਤਿਆਰ ਕੀਤਾ ਗਿਆ ਹੈ। ਜਦੋਂਕਿ ਹੁਣ ਟੈਂਡਰ ਲੱਗਣ ਤੋਂ ਬਾਅਦ ਜਿਸ ਕੰਪਨੀ ਨੂੰ ਵਰਕ ਆਰਡਰ ਜਾਰੀ ਕੀਤਾ ਜਾਵੇਗਾ, ਉਸ ਨੂੰ ਘੱਟੋ-ਘੱਟ 6 ਮਹੀਨਿਆਂ ਵਿੱਚ ਉਸਾਰੀ ਦਾ ਕੰਮ ਪੂਰਾ ਕਰਨ ਦਾ ਸਮਾਂ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: