ਕਰੋਨਾ ਦੇ ਕਹਿਰ ਤੋਂ ਬਾਅਦ ਹੁਣ ਡੇਂਗੂ ਨੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪੰਜਾਬ ਵਿੱਚ ਇਸ ਸਾਲ ਹੁਣ ਤੱਕ ਡੇਂਗੂ ਦੇ 16 ਹਜ਼ਾਰ ਤੋਂ ਵੱਧ ਮਾਮਲੇ ਦਰਜ ਹੋ ਚੁੱਕੇ ਹਨ ਅਤੇ ਮੌਤਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਪੰਜਾਬ ਵਿੱਚ ਇਸ ਸਾਲ ਹੁਣ ਤੱਕ ਡੇਂਗੂ ਦੇ 16129 ਕੇਸ ਦਰਜ ਹੋਏ ਹਨ ਅਤੇ 61 ਮੌਤਾਂ ਹੋਈਆਂ ਹਨ। ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ ਕਦੇ ਵੀ ਏਨਾ ਡੇਂਗੂ ਨਹੀਂ ਫੈਲਿਆ ਜਿੰਨਾ ਇਸ ਸਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ ਕੇਸਾਂ ਅਤੇ ਮੌਤਾਂ ਦੀ ਗਿਣਤੀ 2017 ਵਿੱਚ ਦਰਜ ਕੀਤੀ ਗਈ ਸੀ, ਜਦੋਂ ਡੇਂਗੂ ਨੇ 15,398 ਲੋਕਾਂ ਨੂੰ ਸੰਕਰਮਿਤ ਕੀਤਾ ਸੀ ਅਤੇ 18 ਮੌਤਾਂ ਹੋਈਆਂ ਸਨ।
30 ਸਤੰਬਰ ਤੋਂ 30 ਅਕਤੂਬਰ ਦੇ ਵਿਚਕਾਰ, ਰਾਜ ਵਿੱਚ 12,000 ਕੇਸ ਅਤੇ 50 ਤੋਂ ਵੱਧ ਮੌਤਾਂ ਹੋਈਆਂ ਹਨ, ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ ਡੇਂਗੂ ਦੇ ਕੇਸਾਂ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਘੱਟੋ-ਘੱਟ ਇੱਕ ਹੋਰ ਮਹੀਨੇ ਜਦੋਂ ਤੱਕ ਰਾਤ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਨਹੀਂ ਆਉਂਦੀ, ਉਦੋਂ ਤੱਕ ਬਹੁਤੀ ਰਾਹਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਡੇਂਗੂ ਦੇ ਸਭ ਤੋਂ ਵੱਧ ਹਮਲੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਯਾਨੀ ਐੱਸ.ਏ.ਐੱਸ ਨਗਰ ਵਿੱਚ ਹੋਏ ਹਨ। ਐੱਸ.ਏ.ਐੱਸ ਨਗਰ 2,457 ਕੇਸਾਂ ਅਤੇ 31 ਮੌਤਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਹੈ, ਇਸ ਤੋਂ ਬਾਅਦ ਬਠਿੰਡਾ (2,063 ਅਤੇ 4), ਹੁਸ਼ਿਆਰਪੁਰ (1,465), ਅੰਮ੍ਰਿਤਸਰ (1,461) ਅਤੇ ਪਠਾਨਕੋਟ (1,434 ਅਤੇ 1) ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਕਾਰਵਾਈ ਨਾ ਕਰਨ ਕਾਰਨ ਡੇਂਗੂ ਦਾ ਕਹਿਰ ਵਧਿਆ ਹੈ।
ਵੀਡੀਓ ਲਈ ਕਲਿੱਕ ਕਰੋ -: